ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੈਟਰਨਰੀ ਡਾਕਟਰਾਂ ਵਲੋਂ ਦੂਜੇ ਦਿਨ ਵੀ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਵੈਟਰਨਰੀ ਸੇਵਾਵਾਂ ਨੂੰ ਠੱਪ ਰੱਖਿਆ ਗਿਆ | ਜ਼ਿਲ੍ਹੇ 'ਚ ਓ.ਪੀ.ਡੀ. ਸਮੇਤ ਮੈਡੀਸਿਨ, ਸਰਜਰੀ, ਗਾਇਨੀ ਤੇ ਓਬਟੇਟਿ੍ਕਸ, ਲੈਬਾਰਟਰੀਜ਼ ਟੈੱਸਟ ਆਦਿ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ | ਐਕਸ਼ਨ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਮੈਡੀਕਲ ਡਾਕਟਰਾਂ ਨਾਲ 1977 ਤੋਂ ਲੈ ਕੇ 42 ਸਾਲ ਤੱਕ ਚੱਲੀ, ਇਸ ਦੇ ਨਾਲ ਹੀ ਡੀ.ਏ.ਸੀ.ਪੀ. (ਡਾਇਨਾਮਿਕ ਅਸੋਰਡ ਕੈਰੀਅਰ ਪ੍ਰੋਗਰੈਸ਼ਨ) 4-9-14 ਸਕੀਮ ਵੈਟਰਨਰੀ ਡਾਕਟਰਾਂ ਨੂੰ ਮੈਡੀਕਲ ਡਾਕਟਰਾਂ ਦੀ ਤਰ੍ਹਾਂ ਹੀ ਲਗਾਤਾਰ ਮਿਲਦੀ ਰਹੀ, ਪਰ 2021 ਵਿਚ ਸਰਕਾਰ ਨੇ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਉਲੰਘਣਾ ਕਰਕੇ ਭੰਗ ਕਰ ਦਿੱਤੀ | ਸਰਕਾਰ ਸਰਵਿਸ ਰੂਲਾਂ ਦੀ ਵੀ ਉਲੰਘਣਾ ਕਰ ਰਹੀ ਹੈ | ਵੈਟਰਨਰੀ ਸੇਵਾਵਾਂ ਸਪੈਸ਼ਲ ਸਰਵਿਸਜ਼ ਹੋਣ ਕਾਰਨ ਹੋਰ ਕੋਈ ਡਾਕਟਰ ਵੈਟਰਨਰੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦਾ | ਇਸ ਲਈ ਵੈਟਰਨਰੀ ਅਫ਼ਸਰਾਂ ਨੂੰ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਮਿਲਣੀ ਚਾਹੀਦੀ ਹੈ, ਪਰ ਮੌਜੂਦਾ ਸਰਕਾਰ ਲਗਾਤਾਰ ਲਾਅਰੇ ਲਗਾਉਂਦੀ ਆ ਰਹੀ ਹੈ | ਦੋ ਦਿਨਾਂ ਲਈ ਸੇਵਾਵਾਂ ਠੱਪ ਰੱਖਣ ਦੇ ਫ਼ੈਸਲੇ ਦੇ ਦੂਜੇ ਦਿਨ ਵੀ ਸੂਬੇ ਦੇ ਵੈਟਰਨਰੀ ਡਾਕਟਰਾਂ ਨੇ ਆਪੋ-ਆਪਣੇ ਜ਼ਿਲਿ੍ਹਆਂ ਦੇ ਪੋਲੀ ਕਲੀਨਿਕਾਂ ਵਿਖੇ ਪਹੁੰਚ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਦੌਰਾਨ ਡਾਕਟਰਾਂ ਵਲੋਂ ਅਪੀਲ ਕਰਦਿਆਂ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ 'ਤੇ ਦਖ਼ਲ ਦੇ ਕੇ ਪਹਿਲ ਦੇ ਆਧਾਰ 'ਤੇ ਪਿਛਲੀ ਸਰਕਾਰ ਵਲੋਂ ਵੈਟਰਨਰੀ ਡਾਕਟਰਾਂ ਨਾਲ ਕੀਤੀਆਂ ਵਧੀਕੀਆਂ ਨੂੰ ਤੁਰੰਤ ਦਰੁਸਤ ਕਰਨਾ ਚਾਹੀਦਾ ਹੈ ਤੇ ਮੰਗਾਂ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ |