ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਹਰਮਹਿੰਦਰ ਪਾਲ)-40 ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਇਤਿਹਾਸਕ ਮੇਲਾ ਮਾਘੀ ਨੂੰ ਹੁਣ ਕਰੀਬ ਦੋ ਹਫ਼ਤਿਆਂ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ, ਪਰ ਉਸ ਤੋਂ ਪਹਿਲਾਂ ਹੀ ਪਵਿੱਤਰ ਨਗਰੀ ਸ੍ਰੀ ਮੁਕਤਸਰ ਸਾਹਿਬ ਦੀ ਸਫ਼ਾਈ ਵਿਵਸਥਾ 'ਤੇ ਗੰਭੀਰ ਸਵਾਲ ਖੜੇ੍ਹ ਹੋ ਗਏ ਹਨ | ਸ਼ਹਿਰ ਵਿਚ ਥਾਂ-ਥਾਂ ਫ਼ੈਲੀ ਗੰਦਗੀ ਤੇ ਕੂੜੇ ਦੇ ਢੇਰ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਸਫ਼ਾਈ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ | ਮੇਲਾ ਮਾਘੀ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਤੇ ਸੰਗਤ ਸ਼ਹਿਰ ਵਿਚ ਪਹੁੰਚਦੀ ਹੈ, ਪਰ ਮੌਜੂਦਾ ਹਾਲਾਤ ਪ੍ਰਸ਼ਾਸਨ ਦੀਆਂ ਤਿਆਰੀਆਂ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ | ਅੱਜ ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਕਈ ਥਾਵਾਂ 'ਤੇ ਹਾਲਾਤ ਬੇਹੱਦ ਚਿੰਤਾਜਨਕ ਮਿਲੇ | ਖ਼ਾਸ ਕਰਕੇ ਸ਼ਹਿਰ ਦੇ ਓਵਰਬਿ੍ਜ਼ ਹੇਠਾਂ ਵੱਡੀ ਮਾਤਰਾ ਵਿਚ ਕੂੜਾ ਇਕੱਠਾ ਪਿਆ ਹੈ, ਜਿਸ ਕਾਰਨ ਉੱਥੋਂ ਤੇਜ਼ ਬਦਬੂ ਆ ਰਹੀ ਹੈ | ਹਾਲਾਤ ਇਹ ਹਨ ਕਿ ਲੋਕ ਉੱਥੋਂ ਲੰਘਣ ਤੋਂ ਵੀ ਕਤਰਾਉਣ ਲੱਗ ਪਏ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਥਾਂ-ਥਾਂ ਕੂੜੇ ਦੇ ਢੇਰ ਨਜ਼ਰ ਆਏ, ਜੋ ਸਾਫ਼ ਤੌਰ 'ਤੇ ਸਫ਼ਾਈ ਵਿਵਸਥਾ ਦੀ ਅਣਦੇਖੀ ਨੂੰ ਦਰਸਾਉਂਦੇ ਹਨ | ਕੁਝ ਸਮਾਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਵਲੋਂ ਸ਼ਹਿਰ ਨੂੰ ਸਾਫ਼ ਬਣਾਉਣ ਦੇ ਮਕਸਦ ਨਾਲ ਇਕ ਸੰਸਥਾ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਵੀ ਚਲਾਇਆ ਗਿਆ ਸੀ | ਉਸ ਦੌਰਾਨ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਲੋਕਾਂ ਵਿਚ ਉਮੀਦ ਜਗੀ ਸੀ, ਪਰ ਇਹ ਮੁਹਿੰਮ ਕੁਝ ਹੀ ਦਿਨਾਂ ਵਿਚ ਹੀ ਦਮ ਤੋੜਦੀ ਨਜ਼ਰ ਆਈ | ਅਭਿਆਨ ਦੇ ਬੰਦ ਹੁੰਦੇ ਹੀ ਸ਼ਹਿਰ ਵਿਚ ਫ਼ਿਰ ਤੋਂ ਗੰਦਗੀ ਦੇ ਢੇਰ ਲੱਗਣ ਸ਼ੁਰੂ ਹੋ ਗਏ ਅਤੇ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ | ਸ਼ਹਿਰ ਵਾਸੀ ਦਰਸ਼ਨ ਸਿੰਘ, ਮੁਖ਼ਤਿਆਰ ਸਿੰਘ ਬੇਦੀ, ਓਮ ਪ੍ਰਕਾਸ਼, ਸ਼ਮਿੰਦਰਪਾਲ ਸਿੰਘ ਥਿੰਦ, ਰਾਜ ਕਟਾਰੀਆ, ਗੁਰਮੀਤ ਸਿੰਘ, ਸੰਤੋਖ ਸਿੰਘ, ਵੀਰ ਸਿੰਘ ਕੰਬੋਜ ਅਤੇ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਬੂੜਾ ਗੁੱਜਰ ਰੋਡ 'ਤੇ ਪਿਛਲੇ 15 ਤੋਂ 20 ਸਾਲਾਂ ਤੋਂ ਕੂੜੇ ਦਾ ਢੇਰ ਲੱਗਿਆ ਹੋਇਆ ਹੈ | ਇਸ ਕੂੜੇ ਦੇ ਢੇਰ ਨੂੰ ਹਟਵਾਉਣ ਲਈ ਉਨ੍ਹਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਇੱਥੇ ਇਕ ਬੋਰਡ ਤੇ ਟੈਂਟ ਲਗਾਇਆ ਸੀ, ਜਿਸ 'ਤੇ ਲਿਖਿਆ ਗਿਆ ਸੀ ਕਿ ਇੱਥੇ ਕੂੜਾ ਪਾਉਣ ਵਾਲੇ 'ਤੇ 500 ਰੁਪਏ ਜੁਰਮਾਨਾ ਲੱਗੇਗਾ | ਜਦੋਂ ਤੱਕ ਬੋਰਡ ਤੇ ਟੈਂਟ ਲੱਗੇ ਰਹੇ, ਤਦ ਤੱਕ ਕਿਸੇ ਨੇ ਇੱਥੇ ਕੂੜਾ ਨਹੀਂ ਪਾਇਆ, ਪਰ ਜਿਵੇਂ ਹੀ ਇਹ ਹਟਾਏ ਗਏ, ਲੋਕਾਂ ਨੇ ਮੁੜ ਇੱਥੇ ਕੂੜਾ ਪਾਉਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਕੂੜੇ ਦੇ ਢੇਰ ਨੂੰ ਚੁੱਕਣ ਲਈ ਉਹ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਗਏ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਨਿਕਲਿਆ | ਨਗਰ ਕੌਂਸਲ ਕੋਲ ਸ਼ਿਕਾਇਤ ਕਰਨ 'ਤੇ ਇਕ-ਦੋ ਵਾਰ ਕੂੜਾ ਚੁਕਵਾ ਦਿੱਤਾ ਜਾਂਦਾ ਹੈ, ਪਰ ਬਾਅਦ ਵਿਚ ਫ਼ਿਰ ਲੋਕ ਇੱਥੇ ਕੂੜਾ ਪਾ ਦਿੰਦੇ ਹਨ | ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਲੋਕਾਂ ਲਈ ਕੂੜਾ ਪਾਉਣ ਦੀ ਢੁਕਵੀਂ ਥਾਂ ਨਿਰਧਾਰਤ ਕਰੇ, ਤਾਂ ਜੋ ਕਰਮਚਾਰੀ ਨਿਯਮਿਤ ਤੌਰ 'ਤੇ ਉੱਥੋਂ ਕਚਰਾ ਉਠਾ ਸਕਣ | ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਗਾਂਧੀ ਨਗਰ ਸੁਧਾਰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਗਲੀਆਂ ਵਿਚ ਸਫ਼ਾਈ ਔਰਤਾਂ ਵਲੋਂ ਆਪਣੇ-ਆਪ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਕੋਈ ਵੀ ਸਫ਼ਾਈ ਕਰਮਚਾਰੀ ਨਹੀਂ ਆਉਂਦਾ | ਨਗਰ ਕੌਂਸਲ ਵਲੋਂ ਨਵੇਂ ਸਫ਼ਾਈ ਕਰਮਚਾਰੀ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਸਫ਼ਾਈ ਨਜ਼ਰ ਨਹੀਂ ਆ ਰਹੀ | ਮੁਹੱਲਾ ਵਾਸੀਆਂ ਨੇ ਵਿਧਾਇਕ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਲਾ ਮਾਘੀ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਤੁਰੰਤ ਦਰੁਸਤ ਕੀਤਾ ਜਾਵੇ, ਤਾਂ ਜੋ ਦੂਰ-ਦਰਾਜ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਪਵਿੱਤਰ ਨਗਰੀ ਸ੍ਰੀ ਮੁਕਤਸਰ ਸਾਹਿਬ ਦੀ ਗਰਿਮਾ ਬਣੀ ਰਹੇ |