ਕੋਟਕਪੂਰਾ, 2 ਸਤੰਬਰ (ਮੋਹਰ ਸਿੰਘ ਗਿੱਲ)-ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਸਥਾਨਕ ਸ਼ਹਿਰ 'ਚ ਦੋ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ, ਜਿਸ ਕਾਰਨ ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ, ਪਰ ਛੱਤ ਹੇਠ ਪਿਆ ਘਰੇਲੂ ਵਰਤੋਂ ਦਾ ਸਮਾਨ ਬਹੁਤ ਜ਼ਿਆਦਾ ਨੁਕਸਾਨਿਆ ਗਿਆ | ਸਥਾਨਕ ਦੁਆਰੇਆਣਾ ਰੋਡ ਦੇ ਵਸਨੀਕ, ਵਾਰਡ ਨੰਬਰ 27 ਦੇ ਵਸਨੀਕ ਕੌਂਸਲਰ ਰਣਜੀਤ ਕੌਰ ਪਤਨੀ ਨਿਰਮਲ ਸਿੰਘ ਦੇ ਘਰ ਵਿਚਲੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ | ਹੁਣ ਇਹ ਪਰਿਵਾਰ ਆਪਣੇ ਗੁਆਂਢ 'ਚ ਕਿਸੇ ਹੋਰ ਦੇ ਘਰ ਰਹਿਣ ਲਈ ਮਜਬੂਰ ਹੈ | ਦੂਜੀ ਘਟਨਾ 'ਚ ਦੁਆਰੇਆਣਾ ਰੋਡ, ਵਕੀਲਾਂ ਵਾਲੀ ਗਲੀ 'ਚ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੇ ਕਮਰੇ ਦੀ ਛੱਤ ਡਿੱਗ ਪਈ | ਮਕਾਨ ਮਾਲਕ ਜਗਤਾਰ ਸਿੰਘ ਪੁੱਤਰ ਆਤਮਾ ਸਿੰਘ ਗ੍ਰੰਥੀ ਆਪਣੀ ਮਾਤਾ ਨਾਲ ਮਕਾਨ 'ਚ ਰਹਿ ਰਿਹਾ ਹੈ | ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ, ਉਸ ਵਕਤ ਉਹ ਆਪਣੀ ਮਾਂ ਕੋਲ ਕਮਰੇ ਤੋਂ ਬਾਹਰ ਬੈਠਾ ਸੀ | ਛੱਤ ਡਿੱਗਣ ਨਾਲ ਉਨ੍ਹਾਂ ਦੇ ਮੰਜੇ, ਟੀ.ਵੀ, ਪੱਖੇ, ਟੇਬਲ-ਕੁਰਸੀਆਂ ਅਤੇ ਹੋਰ ਸਮਾਨ ਦਾ ਨੁਕਸਾਨ ਹੋ ਗਿਆ ਹੈ | ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੇ ਦੂਸਰੇ ਕਮਰੇ ਦੀ ਛੱਤ ਵੀ ਡਿੱਗਣ ਵਾਲੀ ਹੀ ਹੈ | ਉਹ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਉਸ ਨੂੰ ਮੀਂਹ ਪੈਣ ਕਾਰਨ ਕੰਮ ਵੀ ਨਹੀਂ ਮਿਲਿਆ | ਸੀਮਤ ਆਮਦਨ ਹੋਣ ਕਾਰਨ ਉਹ ਆਪਣੇ ਮਕਾਨਾਂ ਦੀਆਂ ਛੱਤਾਂ ਨਹੀਂਾ ਬਦਲ ਸਕਿਆ |