ਜੈਤੋ ਵਿਖੇ ਸਵੱਛ ਭਾਰਤ ਮੁਹਿੰਮ ਦੀਆਂ ਸ਼ਰ੍ਹੇਆਮ ਉਡਾਈਆਂ ਜਾ ਰਹੀਆਂ ਧੱਜੀਆਂ
ਅਜੀਤ ਡੈਸਕ
22-10-2025
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਸਵੱਛ ਭਾਰਤ ਮੁਹਿੰਮ ਦੀਆਂ ਸ਼ਰੇ੍ਹਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਥਾਂ-ਥਾਂ 'ਤੇ ਗੰਦਗੀ ਦੇ ਲੱਗੇ ਢੇਰਾਂ ਨੂੰ ਚੁਕਾਉਣ ਦੀ ਬਿਜਾਏ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਸ਼ਹਿਰ ਦੇ ਅੰਦਰ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ | ਲੋਕਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਹਟਾਉਣ ਦੀ ਥਾਂ ਇਨ੍ਹਾਂ ਢੇਰਾਂ ਨੂੰ ਲਗਾਉਣ ਵਿਚ ਨਗਰ ਕੌਂਸਲ ਦਾ ਹੱਥ ਹੈ ਕਿਉਂਕਿ ਕਈ ਥਾਵਾਂ 'ਤੇ ਨਗਰ ਕੌਂਸਲ ਜੈਤੋ ਦੇ ਕਰਮਚਾਰੀ ਹੀ ਸ਼ਹਿਰ ਦੇ ਵੱਖ-ਵੱਖ ਡੰਪਾਂ 'ਤੇ ਆਪ ਕੂੜਾ ਸੁੱਟਦੇ ਵੇਖੇ ਜਾ ਸਕਦੇ ਹਨ | ਲੋਕਾਂ ਦੇ ਮੁਤਾਬਿਕ ਸਥਾਨਕ ਸਿਵਲ ਹਸਪਤਾਲ ਦੇ ਨਾਲ ਲੰਘਦੀ ਸੜਕ ਜੋ ਕਿ ਖ਼ੇਡ ਸਟੇਡੀਆਮ ਨੂੰ ਜਾਂਦੀ ਹੈ ਤੇ ਹਾਈ ਤੇ ਪ੍ਰਾਇਮਰੀ ਸਰਕਾਰੀ ਸਕੂਲ, ਡੀ.ਐਸ.ਪੀ ਜੈਤੋ ਦੀ ਰਿਹਾਇਸ਼ ਹੈ ਤੋਂ ਇਲਾਵਾ ਕਾਲਜ ਨੂੰ ਜਾਣ ਵਾਲੇ ਵਿਦਿਆਰਥੀ ਵੀ ਇੱਥੋਂ ਦੀ ਲੰਘਦੇ ਹਨ ਪਰ ਇਸ ਸੜਕ 'ਤੇ ਗੰਦਗੀ ਦੇ ਢੇਰ ਅਕਸਰ ਹੀ ਲੱਗੇ ਰਹਿੰਦੇ ਹਨ, ਨੂੰ ਚੁਕਵਾਉਣ ਤੋਂ ਨਗਰ ਕੌਂਸਲ ਬੇਵੱਸ ਨਜ਼ਰ ਆ ਰਹੀ ਹੈ | ਜਦ ਕਿ ਸਵੇਰ ਤੇ ਸ਼ਾਮ ਦੇ ਟਾਈਮ ਖਿਡਾਰੀ ਖੇਡ ਸਟੇਡੀਅਮ ਵਿਚ ਖੇਡਣ ਲਈ ਜਾਂਦੇ-ਆਉਂਦੇ ਹਨ | ਉਥੇ ਹੀ ਸਕੂਲੀ ਬੱਚਿਆਂ ਦਾ ਵੀ ਜਾਣ-ਆਉਣ ਉਕਤ ਰਸਤੇ ਹੀ ਹੁੰਦਾ ਹੈ ਤੇ ਇਨ੍ਹਾਂ ਖਿਡਾਰੀਆਂ ਤੇ ਬੱਚਿਆਂ ਨੂੰ ਸਵੇਰੇ-ਸ਼ਾਮ ਗੰਦਗੀ ਦੀ ਹਵਾੜ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ | ਸਥਾਨਕ ਬਿਜਲੀ ਦਫ਼ਤਰ ਅੱਗੇ ਲੱਗਿਆ ਗੰਦਗੀ ਦਾ ਢੇਰ ਫ਼ਰੀਦਕੋਟ-ਜੈਤੋ-ਬਠਿੰਡਾ ਰੋਡ ਆਦਿ ਥਾਵਾਂ 'ਤੇ ਜਾਣ ਵਾਲਿਆਂ ਲਈ ਵੱਡੀ ਸਮੱਸਿਆ ਦਾ ਕਾਰਨ ਬਣਦਾ ਹੈ ਉਥੇ ਹੀ ਬਿਜਲੀ ਦਫ਼ਤਰ ਵਿਖੇ ਕੰਮ ਕਰਵਾਉਣ ਵਾਲਿਆਂ ਨੂੰ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਜੈਤੋ-ਬਠਿੰਡਾ 'ਤੇ ਟਰੱਕ ਯੂਨੀਅਨ ਦੇ ਨਜ਼ਦੀਕ, ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਤੇ ਸਰਕਾਰੀ ਮਿਡਲ ਸਕੂਲ ਹਿੰਮਤਪੁਰਾ ਬਸਤੀ ਜੈਤੋ ਦੇ ਨਜ਼ਦੀਕ, ਰਾਮਲੀਲ੍ਹਾ ਗਰਾਉਂਡ ਦੇ ਨੇੜੇ ਅਤੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਰੋਡ ਆਦਿ ਥਾਵਾਂ 'ਤੇ ਲੱਗੇ ਗੰਦਗੀ ਦੇ ਢੇਰ ਸਰਕਾਰ ਤੇ ਪ੍ਰਸ਼ਾਸਨ ਦੀਆਂ ਪ੍ਰਾਪਤੀ ਨੂੰ ਮੂੰਹ ਚਿੜ੍ਹਾ ਰਹੇ ਹਨ | ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਸ਼ਰ੍ਹੇਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਅਤੇ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਤੋਂ ਗੁਰੇਜ ਕਰ ਰਹੀ ਹੈ | ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਗੰਦਗੀ ਦੇ ਲੱਗਦੇ ਢੇਰਾਂ ਨੂੰ ਚੁਕਵਾਉਣ ਲਈ ਸਖ਼ਤ ਕਦਮ ਚੁੱਕੇ ਜਾਣ |