ਕੋਟਕਪੂਰਾ, 21 ਅਕਤੂਬਰ (ਮੇਘਰਾਜ, ਮੋਹਰ ਸਿੰਘ ਗਿੱਲ)-ਸਰਕਾਰੀ ਹਾਈ ਸਕੂਲ ਸੁਰਗਾਪੁਰੀ ਦੇ 10ਵੀਂ ਜਮਾਤ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਗਤਕੇ ਦੇ ਵੱਖ-ਵੱਖ ਪੱਧਰ ਦੇ ਮੁਕਾਬਲਿਆਂ 'ਚ ਉੱਚ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸੂਬਾ ਪੱਧਰੀ ਮੁਕਾਬਲੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਜਿਨ੍ਹਾਂ 'ਚ 20 ਟੀਮਾਂ ਨੇ ਭਾਗ ਲਿਆ | ਖਿਡਾਰੀ ਹਰਕੀਰਤ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਖਿਡਾਰੀ ਦੀ ਇਸ ਪ੍ਰਾਪਤੀ 'ਤੇ ਸਕੂਲ ਮੁਖੀ ਮਨੀਸ਼ ਛਾਬੜਾ ਅਤੇ ਸਮੂਹ ਅਧਿਆਪਕਾਂ ਵਲੋਂ ਜੇਤੂ ਖਿਡਾਰੀ ਦਾ ਸਕੂਲ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਉਨ੍ਹਾਂ ਖਿਡਾਰੀ ਦੇ ਮਾਤਾ ਪਿਤਾ, ਕੋਚ ਗੁਰਪ੍ਰੀਤ ਸਿੰਘ ਖ਼ਾਲਸਾ ਅਤੇ ਸਰੀਰਕ ਸਿੱਖਿਆ ਅਧਿਆਪਕਾ ਕਿੰਦਰ ਪਾਲ ਕੌਰ ਨੂੰ ਵਧਾਈ ਦਿੱਤੀ |