ਕੋਟਕਪੂਰਾ, 21 ਅਕਤੂਬਰ (ਮੇਘਰਾਜ)-ਅੱਜ ਕੋਟਕਪੂਰਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਦਾ ਤਿਉਹਾਰ ਮਿਹਨਤਕਸ਼, ਕਿਰਤੀ, ਵਿਕਲਾਂਗਾਂ, ਬੇਸਹਾਰਾ ਲੋਕਾਂ, ਨਿਆਸਰਿਆਂ, ਦਿਵਿਆਂਗਜਨਾਂ, ਬਜ਼ੁਰਗਾਂ, ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮਠਿਆਈਆਂ ਅਤੇ ਨਗਦ ਰਾਸ਼ੀ ਵੰਡ ਕੇ ਮਨਾਇਆ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਦੀਵਾਲੀ ਦਾ ਤਿਉਹਾਰ ਉਨ੍ਹਾਂ ਲੋਕਾਂ ਨਾਲ ਮਨਾਉਣ ਜਿਹੜੇ ਦੀਵਾਲੀ ਵਾਲੇ ਦਿਨ ਵੀ ਕਿਰਤ ਕਰਦੇ ਹਨ ਅਤੇ ਇਸ ਦਿਨ ਵੀ ਖੁਦ ਨੂੰ ਵਿਹਲਾ ਨਹੀਂ ਰਹਿਣ ਦਿੰਦੇ | ਉਨ੍ਹਾਂ ਕਿਹਾ ਕਿ ਉਹ ਸਾਂਝੀਵਾਲਤਾ ਤੇ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸ 'ਚ ਇਕੱਠੇ ਅਤੇ ਪਿਆਰ ਦੀ ਭਾਵਨਾ ਨਾਲ ਤਿਉਹਾਰ ਮਨਾਉ | ਉਨ੍ਹਾਂ ਗਰੀਨ ਦੀਵਾਲੀ ਮਨਾਉਣ ਦੇ ਮਕਸਦ ਨਾਲ ਲੋਕਾਂ ਨੂੰ ਘਰਾਂ 'ਚ ਹਰਿਆਲੀ 'ਚ ਵਾਧਾ ਕਰਨ ਲਈ ਬੂਟੇ ਵੀ ਵੰਡੇ¢ ਉਨ੍ਹਾਂ ਕਿਹਾ ਕਿ ਪਟਾਖੇ, ਆਤਿਸ਼ਬਾਜ਼ੀ 'ਤੇ ਪੈਸੇ ਖ਼ਰਚ ਕਰਨ ਦੀ ਬਜਾਏ, ਕਿਸੇ ਗ਼ਰੀਬ ਨੂੰ ਉਸ ਦੀ ਲੋੜੀਂਦੀ ਵਸਤੂ ਲੈ ਕੇ ਦਿਉ | ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੁੱਜ ਕੇ ਸਥਾਨਕ ਦੁਕਾਨਦਾਰਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਕਿਰਤੀ ਰਿਕਸ਼ਾ ਚਾਲਕਾਂ, ਮੋਚੀਆਂ, ਸਫ਼ਾਈ ਕਰਮਚਾਰੀਆਂ ਅਤੇ ਦੀਵੇ ਵੇਚਣ ਵਾਲੇ ਮਿਹਨਤਕਸ਼ ਲੋਕਾਂ ਨੂੰ ਮਠਿਆਈ ਅਤੇ ਨਗਦ ਰਾਸ਼ੀ ਭੇਟ ਕਰਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ |