ਅੰਤਿਮ ਇੱਛਾ ਕਿ ਗੁਰੂ ਘਰ 'ਚ ਸੇਵਾ ਕਰਦਿਆਂ ਹੀ ਨਿਕਲੇ ਅੰਤਿਮ ਸੁਆਸ
ਅੰਮ੍ਰਿਤਸਰ, 4 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਦੇ ਘੱਲੂਘਾਰੇ ਦੌਰਾਨ ਫੌਜ ਦਾ ਮੁਕਾਬਲਾ ਕਰਦਿਆਂ ਪਤੀ, ਦੋ ਪੁੱਤਰਾਂ ਤੇ ਬੇਟੀ ਦੇ ਸ਼ਹੀਦ ਹੋ ਜਾਣ ਅਤੇ ਬਾਅਦ ਵਿਚ ਦੋ ਹੋਰ ਬੇਟਿਆਂ ਦੇ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤੇ ਜਾਣ ਅਤੇ ਬਾਂਹ ਵਿਚ ਦੋ ਗੋਲੀਆਂ ਲੱਗਣ ਤੇ ਪੰਜ ਸਾਲ ਦੀ ਕੈਦ ਕੱਟਣ ਬਾਅਦ 83 ਸਾਲਾ ਮਾਤਾ ਗੁਰਜੀਤ ਕੌਰ ਨੇ ਹੁਣ ਆਪਣਾ ਰਹਿੰਦਾ ਜੀਵਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ, ਸਿਮਰਨ ਤੇ ਸਿੱਖੀ ਪ੍ਰਚਾਰ ਸਮਰਪਿਤ ਕੀਤਾ ਹੋਇਆ ਹੈ। ਸਾਦਗੀ ਤੇ ਬੰਦਗੀ ਦੀ ਮੂਰਤ ਮਾਤਾ ਗੁਰਜੀਤ ਕੌਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਹੀ ਆਟਾ ਮੰਡੀ ਵਾਲੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਅਲਾਟ ਕੀਤੇ ਛੋਟੇ ਜਿਹੇ ਕੁਆਟਰ ਵਿਚ ਜੀਵਨ ਬਸਰ ਕਰ ਰਹੇ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਛਬੀਲ 'ਤੇ ਸੰਗਤਾਂ ਨੂੰ ਜਲ ਵਰਤਾਉਂਦਿਆਂ, ਜੂਠੇ ਬਰਤਨ ਸਾਫ਼ ਕਰਦਿਆਂ ਤੇ ਪਰਿਕਰਮਾ ਦੀ ਧੁਵਾਈ ਅਤੇ ਝਾੜੂ ਫੇਰਨ ਦੀ ਸੇਵਾ ਕਰਦਿਆਂ ਅਕਸਰ ਨਜ਼ਰ ਆ ਜਾਂਦੇ ਹਨ। ਘੱਲੂਘਾਰੇ ਦੀ 41ਵੀਂ ਵਰੇਗੰਢ ਮੌਕੇ 'ਅਜੀਤ' ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਾਤਾ ਗੁਰਜੀਤ ਕੌਰ ਨੇ ਆਪਣੀ ਹੰਝੂਆਂ ਭਰੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਿਧਤ ਸੀ ਤੇ ਉਨ੍ਹਾਂ ਦੇ ਪਤੀ ਸ: ਗੁਰਮੀਤ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਅੰਗ ਰੱਖਿਅਕ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦੱਸਿਆ ਕਿ ਜੂਨ 1984 ਹਮਲੇ ਸਮੇਂ ਉਹ ਵੀ ਆਪਣੇ ਪਤੀ ਤੇ ਦੋ ਪੁੱਤਰਾਂ ਤਰਲੋਕ ਸਿੰਘ ਤੇ ਜਸਪਾਲ ਸਿੰਘ ਤੇ ਬੇਟੀ ਜਸਵਿੰਦਰ ਕੌਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਹੀ ਇੱਕ ਸਾਲ ਤੋਂ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ 4 ਤੇ 5 ਜੂਨ ਨੂੰ ਭਾਰੀ ਗੋਲਾਬਾਰੀ ਹੋਈ ਜਿਸ ਦਾ ਸਿੰਘਾਂ ਨੇ ਵੀ ਮੋੜਵਾਂ ਜਵਾਬ ਦਿੱਤਾ। ਉਨ੍ਹਾਂ ਦੇ ਪਤੀ ਤੇ ਇੱਕ ਵੱਡਾ ਬੇਟਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਫੌਜ ਨਾਲ ਜੂਝਦਿਆਂ ਸ਼ਹੀਦ ਹੋਏ ਸਨ ਤੇ ਛੋਟਾ ਬੇਟਾ ਲੰਗਰ ਸਾਹਿਬ ਦੀ ਇਮਾਰਤ ਨੇੜੇ ਬੁੰਗੇ ਵਿਖੇ ਫੌਜ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਇਆ ਸੀ। ਉਨ੍ਹਾਂ ਕਿਹਾ ਕਿ ਪਰਿਕਰਮਾ ਵਿਚ ਪੈਰ ਧਰਨ ਵੀ ਨੂੰ ਥਾਂ ਨਹੀਂ ਸੀ ਤੇ ਹਰ ਪਾਸੇ ਨੌਜਵਾਨਾਂ, ਬੀਬੀਆਂ, ਭੁਝੰਗੀਆਂ ਤੇ ਸੰਗਤਾਂ ਦੀਆਂ ਲਾਸ਼ਾ ਪਈਆਂ ਸਨ। ਉਨ੍ਹਾਂ ਜੂਨ 1984 ਗੋਲੀਬਾਰੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਫੌਜੀ ਹਮਲੇ ਦੌਰਾਨ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਕੇਵਲ 4 ਜੂਨ ਨੂੰ ਹੀ ਸੰਪਰਕ ਹੋ ਸਕਿਆ, ਉਸ ਤੋਂ ਬਾਅਦ ਨਹੀਂ। ਉਨ੍ਹਾਂ ਦੱਸਿਆ ਕਿ ਉਹ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਆਪਣੇ ਪਤੀ, ਦੋ ਪੁੱਤਰਾਂ ਤੇ ਬੇਟੀ ਦੇ ਨਾ ਅੰਤਿਮ ਦਰਸ਼ਨ ਕਰ ਸਕੇ ਤੇ ਨਾ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕੇ। ਇਸੇ ਤਰ੍ਹਾਂ ਉਨ੍ਹਾਂ ਦੀ ਜੇਲ੍ਹ ਬੰਦੀ ਦੌਰਾਨ ਉਨ੍ਹਾਂ ਦੇ ਦੋ ਹੋਰ ਛੋਟੇ ਬੇਟੇ ਕਸ਼ਮੀਰ ਸਿੰਘ ਤੇ ਬਲਜਿੰਦਰ ਸਿੰਘ ਵੀ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ, ਜਿਨ੍ਹਾਂ ਬਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ ਛੋਟੇ ਬੇਟੇ ਤੇ ਬੇਟੀ ਦੀਆਂ ਸ਼ਹਾਦਤਾਂ ਹੋ ਜਾਣ ਦਾ ਪਤਾ ਮੈਨੂੰ ਜੇਲ੍ਹ ਵਿਚੋਂ ਰਿਹਾਅ ਬਾਅਦ ਲੱਗਾ। ਉਨ੍ਹਾਂ ਦੱਸਿਆ ਕਿ ਸਾਰੇ ਪਰਿਵਾਰ ਵਿਚੋਂ ਕੇਵਲ ਇੱਕ ਛੋਟੀ ਬੇਟੀ ਹੀ ਬਚੀ ਸੀ। ਮਾਤਾ ਗੁਰਜੀਤ ਕੌਰ ਨੇ ਕਿਹਾ ਹੁਣ ਮੇਰੀ ਅੰਤਿਮ ਇੱਛਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਸਿਮਰਨ ਕਰਦਿਆਂ ਹੀ ਆਖਰੀ ਸਵਾਸ ਨਿਕਲੇ।
ਜੂਨ '84 ਘੱਲੂਘਾਰੇ ਦਾ ਹੱਡੀਂ ਹੰਢਾਇਆ ਦਰਦ-6 ਜੀਅ ਸ਼ਹੀਦ ਹੋਣ ਬਾਅਦ ਮਾਤਾ ਗੁਰਜੀਤ ਕੌਰ ਨੇ ਆਪਣਾ ਜੀਵਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਤੇ ਸਿਮਰਨ ਨੂੰ ਕੀਤਾ ਸਮਰਪਿਤ
ਅਜੀਤ ਡੈਸਕ
05-06-2025