ਮੋਗਾ, 4 ਸਤੰਬਰ (ਸੁਰਿੰਦਰਪਾਲ ਸਿੰਘ)-ਲੋਕ ਰਾਜ ਪੰਜਾਬ ਵਿਦਿਆਰਥੀ ਪ੍ਰੀਸ਼ਦ ਮੈਡੀਕੋਜ਼ ਯੂਨੀਅਨ ਵਲੋਂ ਨਿੱਤ ਦੇ ਮਾਰੂ ਹੜ੍ਹਾਂ ਤੋਂ ਬਚਣ ਲਈ ਪੰਜਾਬ ਦੀਆਂ ਸਮੂਹ ਗਰਾਮ ਸਭਾਵਾਂ ਨੂੰ ਪੰਜਾਬ ਦੇ ਦਰਿਆਵਾਂ ਦੇ ਡੈਮਾਂ 'ਤੇ ਹੈੱਡ ਵਰਕਸ ਦਾ ਕੰਟਰੋਲ ਤੁਰੰਤ ਬੀ.ਬੀ.ਐਮ.ਬੀ. ਭੰਗ ਕਰ ਕੇ ਪੰਜਾਬ ਨੂੰ ਦੇਣ ਦੇ ਮਤੇ ਬਿਨਾਂ ਦੇਰੀ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਗਰਾਮ ਸਭਾ ਦੇ ਮਤੇ ਦੀ ਇਬਾਰਤ ਜਾਰੀ ਕਰਦੇ ਹੋਏ ਡਾ. ਮਨਜੀਤ ਸਿੰਘ ਰੰਧਾਵਾ ਪ੍ਰਧਾਨ ਲੋਕ ਰਾਜ ਪੰਜਾਬ, ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਪ੍ਰਧਾਨ ਪੰਜਾਬ ਵਿਦਿਆਰਥੀ ਪ੍ਰੀਸ਼ਦ ਅਤੇ ਡਾ. ਗੁਰਭਗਤ ਸਿੰਘ ਵਿਰਕ ਜਰਨਲ ਸਕੱਤਰ ਪੰਜਾਬ ਮੈਡੀਕੋਜ਼ ਯੂਨੀਅਨ ਨੇ ਪੰਜਾਬ ਦੀਆਂ ਸਮੂਹ ਗਰਾਮ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਜਲ-ਪਰਲੋ ਵਰਗੀ ਤਬਾਹੀ ਤੋਂ ਬਚਾਉਣ ਲਈ ਇਹ ਅਤਿ ਜ਼ਰੂਰੀ ਮਤੇ ਤੁਰੰਤ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਭੇਜੇ ਜਾਣ | ਪੰਜਾਬ ਦੇ ਦਰਿਆਵਾਂ ਰਾਵੀ ਬਿਆਸ ਸਤਲੁਜ 'ਤੇ ਬਣੇ ਸਾਰੇ ਡੈਮਾਂ ਅਤੇ ਹੈੱਡ ਵਰਕਸ ਦਾ ਮੁਕੰਮਲ ਕੰਟਰੋਲ ਬੀ.ਬੀ.ਐਮ.ਬੀ. ਭੰਗ ਕਰਕੇ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਦਿੱਤਾ ਜਾਵੇ | ਗਰਾਮ ਸਭਾ ਇਸ ਮਤੇ ਰਾਹੀਂ ਚੁਣੀ ਹੋਈ ਪੰਜਾਬ ਵਿਧਾਨ ਸਭਾ ਦੇ ਸਮੂਹ ਮੈਂਬਰਾਂ ਨੂੰ ਤੁਰੰਤ ਵਿਸ਼ੇਸ਼ ਇਜਲਾਸ ਸੱਦ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਭੰਗ ਕਰਕੇ ਡੈਮਾਂ ਦਾ ਕੰਟਰੋਲ ਰਿਪੇਰੀਅਨ ਰਾਜ ਪੰਜਾਬ ਨੂੰ ਦੇਣ ਦਾ ਮਤਾ ਪਾਉਣ ਅਤੇ ਹੜ੍ਹਾਂ ਕਰਕੇ ਪੰਜਾਬ ਦੇ ਹੋਏ ਨੁਕਸਾਨ ਲਈ ਜ਼ਿੰਮੇਵਾਰ ਬੀ.ਬੀ.ਐਮ.ਬੀ. ਦੇ ਪ੍ਰਬੰਧਕ ਭਾਈਵਾਲ ਗ਼ੈਰ-ਰਿਪੇਰੀਅਨ ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਹਰਜ਼ਾਨਾਂ ਵਸੂਲਣ ਲਈ ਸਾਰੇ ਪ੍ਰਬੰਧਕੀ ਅਤੇ ਕਾਨੂੰਨੀ ਕਦਮ ਚੁੱਕਣ ਦਾ ਫ਼ੈਸਲਾ ਲੈਣ ਦਾ ਵੀ ਮਤਾ ਪਾਉਣ ਦੀ ਪੁਰਜ਼ੋਰ ਅਪੀਲ ਕਰਦੀ ਹੈ |
ਪੰਜਾਬ ਦੀਆਂ ਸਮੂਹ ਪੰਚਾਇਤਾਂ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦਿਵਾਉਣ ਲਈ ਕੇਸ ਕਰਨ-ਮੈਡੀਕੋਜ਼ ਯੂਨੀਅਨ <br/>
ਅਜੀਤ ਡੈਸਕ
05-09-2025