2 ਕਿੱਲੋ ਹੈਰੋਇਨ, 3.5 ਲੱਖ ਨਕਦੀ ਤੇ 4 ਪਿਸਤੌਲ ਬਰਾਮਦ
<br/>
ਅੰਮਿ੍ਤਸਰ, 4 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰ, ਹੈਰੋਇਨ ਅਤੇ ਹਵਾਲਾ ਨੈੱਟਵਰਕ 'ਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਇਕ ਸੰਗਠਤ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦਸਿਆ ਕਿ ਗਿ੍ਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਅੰਮਿ੍ਤਸਰ ਦੇ ਪਿੰਡ ਕੋਟ ਮਹਿਤਾਬ ਦੇ ਵਸਨੀਕ ਹਰਪ੍ਰੀਤ ਸਿੰਘ (23), ਤਰਨ ਤਾਰਨ ਦੇ ਪਿੰਡ ਸੁਰ ਸਿੰਘ ਦੇ ਵਸਨੀਕ ਗੁਰਪਾਲ ਸਿੰਘ (21) ਅਤੇ ਵੜਿੰਗ ਦੇ ਵਸਨੀਕ ਰਣਜੋਧ ਸਿੰਘ (33) ਵਜੋਂ ਹੋਈ ਹੈ | ਪੁਲਿਸ ਟੀਮਾਂ ਨੇ 2.02 ਕਿੱਲੋ ਹੈਰੋਇਨ, ਚਾਰ ਪਿਸਤੌਲ, ਜਿਨ੍ਹਾਂ 'ਚ ਇਕ ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਤੇ 3.5 ਲੱਖ ਰੁਪਏ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ, ਜੋ ਪਹਿਲਾਂ ਮਲੇਸ਼ੀਆ ਗਏ ਸਨ, ਹੁਣ ਸਰਹੱਦ ਪਾਰ ਦੇ ਤਸਕਰਾਂ ਦੇ ਸੰਪਰਕ ਵਿਚ ਸਨ | ਭੁੱਲਰ ਨੇ ਦੱਸਿਆ ਕਿ ਹਰਪ੍ਰੀਤ ਅਤੇ ਗੁਰਪਾਲ ਨੂੰ ਪਹਿਲਾਂ ਮੋਟਰਸਾਈਕਲ ਸਮੇਤ 220 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੇ ਖੁਲਾਸੇ 'ਤੇ ਪੁਲਿਸ ਟੀਮਾਂ ਨੇ ਨਿਰਧਾਰਤ ਸਥਾਨ ਤੋਂ 1.8 ਕਿੱਲੋਗ੍ਰਾਮ ਹੋਰ ਹੈਰੋਇਨ ਅਤੇ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਹਨ | ਗੁਰਪਾਲ ਸਿੰਘ ਦੇ ਹੋਰ ਖੁਲਾਸੇ 'ਤੇ ਜਾਂਚ ਦੌਰਾਨ ਇਕ ਹੋਰ ਨੌਜਵਾਨ ਰਣਜੋਧ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਦੋ ਪਿਸਤੌਲਾਂ ਅਤੇ 3.5 ਲੱਖ ਰੁਪਏ ਦੇ 'ਡਰੱਗ ਮਨੀ' ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜਗਬਿੰਦਰ ਸਿੰਘ, ਏ.ਸੀ.ਪੀ. ਹਰਮਿੰਦਰ ਸਿੰਘ ਤੇ ਇੰਸ: ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ. ਵੀ ਹਾਜ਼ਰ ਸਨ |
ਸਰਹੱਦ ਪਾਰ ਤੋਂ ਹੈਰੋਇਨ, ਹਥਿਆਰ ਦੇ ਹਵਾਲਾ ਤਸਕਰੀ ਦੇ ਗਰੋਹ ਦਾ ਪਰਦਾਫਾਸ਼-3 ਕਾਬੂ
ਅਜੀਤ ਡੈਸਕ
05-09-2025