ਚੰਡੀਗੜ੍ਹ, 24 ਸਤੰਬਰ (ਮਾਰਕੰਡਾ) -ਪੰਜਾਬ ਸਿਹਤ ਬੀਮਾ ਯੋਜਨਾ 2 ਅਕਤੂਬਰ ਨੂੰ ਸ਼ੁਰੂ ਨਹੀਂ ਕੀਤੀ ਜਾਵੇਗੀ | ਹੜ੍ਹਾਂ ਕਾਰਨ ਸਰਕਾਰ ਨੇ ਹੁਣ ਇਸ ਨੂੰ ਦਸੰਬਰ ਤੱਕ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਸਵਾਲ-ਜਵਾਬ ਸੈਸ਼ਨ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਸੂਬੇ ਵਿਚ ਸਿਹਤ ਕਾਰਡ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ | ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਸਰਕਾਰ ਵਲੋਂ ਇਸ ਯੋਜਨਾ ਵਿਚ ਲਗਭਗ 2,000 ਨਿੱਜੀ ਹਸਪਤਾਲਾਂ ਨੂੰ ਸ਼ਾਮਿਲ ਕਰਨ ਦਾ ਟੀਚਾ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਜਾਰੀ ਕੀਤਾ ਗਿਆ ਹੈਲਥ ਕਾਰਡ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਪਹੁੰਚ ਪ੍ਰਦਾਨ ਕਰੇਗਾ, ਜਿਸ ਨਾਲ ਮੱਧ ਵਰਗ ਅਤੇ ਗਰੀਬੀ ਰੇਖਾ ਵਿਚ ਰਹੇ ਪਰਿਵਾਰ ਨੂੰ ਸਿਹਤ ਸਹੂਲਤਾਂ ਲੈਣ ਵਿਚ ਮਦਦ ਪ੍ਰਾਪਤ ਹੋਵੇਗੀ |