09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਜੀਠੀਆ ਦੁਆਲੇ ਘੁੰਮ ਰਹੀ ਸਿਆਸਤ 'ਚ ਨਵੇਂ ਮੋੜ ਦੇ ਸੰਕੇਤ

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ -ਨਾਭਾ ਜੇਲ੍ਹ 'ਚ ਕੈਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਬੀਤੇ ਕੱਲ੍ਹ ਡੇਰਾ ਬਿਆਸ ਮੁਖੀ ਵਲੋਂ ਕੀਤੀ ਮੁਲਾਕਾਤ ਨੇ ਮਜੀਠੀਆ ਦੁਆਲੇ ਘੁੰਮ ਰਹੀ ਸਿਆਸਤ 'ਚ ਨਵੇਂ ਮੋੜ ਦੇ ਸੰਕੇਤ ਦਿੱਤੇ ਹਨ | ਇਸ ਬਹੁ-ਚਰਚਿਤ ਮਿਲਣੀ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵਲੋਂ ਕਿਸੇ ਵੀ ਕਿਸਮ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਉੱਚ ਪੱਧਰੀ ਸੂਤਰਾਂ ਅਨੁਸਾਰ ਸਮੂਹ ਪਾਰਟੀਆਂ ਵਿਚ ਇਸ ਮਿਲਣੀ ਦੇ ਸਿਆਸੀ ਸਵਾਲ ਨੂੰ ਵੱਖ-ਵੱਖ ਫਾਰਮੂਲੇ ਲਾ ਕੇ ਸਹੀ ਜਵਾਬ ਭਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਸੱਥਾਂ ਵਿਚ ਇਸ ਲੰਮੀ ਮਿਲਣੀ ਨੂੰ ਸਿਆਸਤ ਦੀ ਐਨਕ ਲਾ ਕੇ ਦੇਖਿਆ ਜਾ ਰਿਹਾ ਹੈ, ਜਦਕਿ ਡੇਰਾ ਬਿਆਸ ਨਾਲ ਜੁੜੀ ਸੰਗਤ ਇਸ ਮਿਲਣੀ ਨੂੰ ਪਰਿਵਾਰਕ ਅਤੇ ਰੂਹਾਨੀਅਤ ਪੱਖਾਂ ਨਾਲ ਜੋੜ ਕੇ ਦੇਖ ਰਹੀ ਹੈ | ਪਰਿਵਾਰਕ ਇਸ ਕਰਕੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਡੇਰਾ ਬਿਆਸ ਮੁਖੀ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ | ਰੂਹਾਨੀਅਤ ਇਸ ਕਰਕੇ, ਕਿਉਂਕਿ ਸੰਗਤ ਦਾ ਮੰਨਣਾ ਹੈ ਕਿ ਇਸ ਮਿਲਣੀ ਵਿਚ ਯਕੀਨਨ ਮਜੀਠੀਆ ਨੂੰ ਪ੍ਰਮਾਤਮਾ ਦੇ ਓਟ-ਆਸਰੇ 'ਚ ਚੜ੍ਹਦੀ ਕਲਾ 'ਚ ਰਹਿਣ ਲਈ ਕਿਹਾ ਗਿਆ ਹੋਵੇਗਾ | ਬੀਬੀ ਗਨੀਵ ਕੌਰ ਮਜੀਠੀਆ ਤਾਂ ਅਕਸਰ ਇਹ ਦੁਹਰਾਉਂਦੇ ਆਏ ਹਨ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿਚ ਪੂਰੀ ਚੜ੍ਹਦੀ ਕਲਾ ਵਿਚ ਹਨ ਅਤੇ ਮਜੀਠੀਆ ਪਰਿਵਾਰ ਵੀ ਚੜ੍ਹਦੀ ਕਲਾ ਵਿਚ ਹੈ ਪਰ ਰਿਹਾਈ ਵਿਚ ਹੋ ਰਹੀ ਦੇਰੀ ਮਜੀਠੀਆ ਦੇ ਹਮਾਇਤੀਆਂ ਨੂੰ ਮਾਯੂਸ ਜ਼ਰੂਰ ਕਰਦੀ ਆ ਰਹੀ ਹੈ | ਪਿਛਲੇ ਲਗਭਗ 3 ਮਹੀਨਿਆਂ ਤੋਂ ਮਜੀਠੀਆ ਦੀ ਜੇਲ੍ਹਬੰਦੀ ਨੇ ਉਨ੍ਹਾਂ ਨੂੰ ਕੇਵਲ ਰਿਹਾਈ ਹੋਵੇਗੀ ਜਾਂ ਨਹੀਂ ਦੀਆਂ ਸੁਰਖ਼ੀਆਂ ਤੱਕ ਹੀ ਸੀਮਿਤ ਰੱਖਿਆ ਹੋਇਆ ਸੀ ਪਰ ਬੀਤੇ ਕੱਲ੍ਹ ਦੀ ਮਿਲਣੀ ਨੇ ਮਜੀਠੀਆ ਪਰਿਵਾਰ ਅਤੇ ਹਮਾਇਤੀਆਂ ਲਈ ਨਵੇਂ ਅਧਿਆਇ ਦੇ ਸ਼ੁਰੂਆਤ ਦੀ ਚਰਚਾ ਜ਼ਰੂਰ ਛੇੜ ਦਿੱਤੀ ਹੈ | ਇਸ ਮਿਲਣੀ ਨੂੰ ਮਜੀਠੀਆ ਦੀ ਅਕਾਲੀ ਆਗੂ ਵਜੋਂ ਵਧੇਰੇ ਸ਼ਕਤੀਸ਼ਾਲੀ ਭੂਮਿਕਾ ਅਤੇ ਅਗਲੇ ਸਿਆਸੀ ਸਫ਼ਰ ਵਿਚ ਨਵੇਕਲੇ ਰਾਹਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ | ਹਾਲਾਂਕਿ, ਡੇਰਾ ਬਿਆਸ ਨੇ ਕਦੇ ਵੀ ਖੁੱਲ੍ਹੇ ਤੌਰ 'ਤੇ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਨਹੀਂ ਕੀਤੀ | ਪ੍ਰੰਤੂ ਸਮਾਜ ਅਤੇ ਖਾਸਕਰ ਧਾਰਮਿਕ ਰਾਹਾਂ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੀਆਂ ਗਤੀਵਿਧੀਆਂ ਨਾਲ ਸਿਆਸਤ ਆਪ-ਮੁਹਾਰੇ ਹੀ ਚੱਲ ਪੈਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਬੀ.ਬੀ.ਐਮ.ਬੀ. ਦੇ ਫ਼ੈਸਲੇ ਦਾ ਪੰਜਾਬ ਨੇ ਕੀਤਾ ਵਿਰੋਧ <br/> ਅਗਲੀ ਖ਼ਬਰ ਡੇਰਾ ਬਿਆਸ ਮੁਖੀ ਤੇ ਮਜੀਠੀਆ ਦੀ ਮਿਲਣੀ ਮਗਰੋਂ ਸਿਆਸੀ ਗਲਿਆਰਿਆਂ 'ਚ ਪਸਰੀ ਚੁੱਪ <br/>
Ad Position 24