ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਪੰਜਾਬ, ਸਿੰਧ ਤੇ ਖ਼ੈਬਰ ਪਖਤੂਨਖਵਾ 'ਚ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਦੇ ਵਾਹਨ ਚਲਾਉਣ ਮੌਕੇ ਹੈਲਮਟ (ਲੋਹ ਟੋਪ) ਨਾ ਪਹਿਨਣ ਕਰਕੇ ਪੰਜਾਬ ਸੇਫ਼ ਸਿਟੀਜ਼ ਅਥਾਰਿਟੀ (ਪੀ. ਐੱਸ. ਸੀ. ਏ.) ਵਲੋਂ ਜਾਰੀ ਹਦਾਇਤਾਂ ਮੁਤਾਬਿਕ ਟ੍ਰੈਫਿਕ ਕੈਮਰਿਆਂ ਰਾਹੀਂ ਚਲਾਨ ਕੱਟੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪਾਕਿ ਸਿੱਖ ਭਾਈਚਾਰੇ ਨੇ ਇਤਰਾਜ਼ ਜਤਾਇਆ ਹੈ | ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਲਾ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਰਹਿਤ ਮਰਿਆਦਾ ਮੁਤਾਬਿਕ ਕੇਸਧਾਰੀ ਸਿੱਖਾਂ ਲਈ ਦੋ ਪਹੀਆ ਵਾਹਨ ਚਲਾਉਣ ਸਮੇਂ ਪਗੜੀ ਦੇ 'ਤੇ ਹੈਲਮਟ ਪਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਪੀ. ਐੱਸ. ਸੀ. ਏ. ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪਗੜੀ ਸਿੱਖਾਂ ਦੇ ਸਿਰ ਦਾ ਤਾਜ ਹੈ ਅਤੇ ਇਸ ਦੇ ਉੱਪਰ ਹੋਰ ਕੋਈ ਚੀਜ਼ ਰੱਖੀ ਜਾਂ ਪਹਿਨੀ ਨਹੀਂ ਜਾ ਸਕਦੀ |