ਚੰਡੀਗੜ੍ਹ, 25 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ 70 ਸਾਲਾ ਟਰੱਕ ਡਰਾਈਵਰ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ 2023 'ਚ ਇਕ ਘਾਤਕ ਹਾਦਸੇ ਦਾ ਦੋਸ਼ ਹੈ, ਜਿਸ 'ਚ ਇਕ ਨੌਜਵਾਨ ਮੈਡੀਕਲ ਵਿਦਿਆਰਥੀ ਦੀ ਜਾਨ ਚਲੀ ਗਈ ਸੀ | ਜਸਟਿਸ ਸੁਮਿਤ ਗੋਇਲ ਨੇ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਿਆ | ਜਸਟਿਸ ਗੋਇਲ ਨੇ ਅਜਿਹੇ ਲਾਪਰਵਾਹੀ ਵਾਲੇ ਵਿਹਾਰ ਨੂੰ ਰੋਕਣ ਲਈ ਸਖ਼ਤ ਨਿਆਂਇਕ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਹ ਮਾਮਲਾ 31 ਅਕਤੂਬਰ, 2023 ਨੂੰ ਸੰਗਰੂਰ-ਪਟਿਆਲਾ ਸੜਕ 'ਤੇ ਵਾਪਰੀ ਇਕ ਦੁਖਦਾਈ ਘਟਨਾ ਨਾਲ ਸੰਬੰਧਤ ਹੈ | ਪਟਿਆਲਾ ਜ਼ਿਲ੍ਹੇ ਦੇ ਇਕ ਪੁਲਿਸ ਥਾਣੇ 'ਚ ਦਰਜ਼ ਪੁਲਿਸ ਰਿਪੋਰਟ ਅਨੁਸਾਰ ਪਟੀਸ਼ਨਕਰਤਾ ਕਥਿਤ ਤੌਰ 'ਤੇ ਭਾਰੀ ਨਸ਼ੇ 'ਚ ਟਰੱਕ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ | ਸ਼ਿਕਾਇਤਕਰਤਾ, ਸੇਵਾਮੁਕਤ ਅਧਿਆਪਕ ਜਗਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ 24 ਸਾਲਾ ਪੁੱਤਰ ਅਰਸ਼ਦੀਪ ਸਿੰਘ, ਜੋ ਕਿ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਪੜ੍ਹਦਾ ਹੈ, ਨੇ ਪਿਸ਼ਾਬ ਕਰਨ ਲਈ ਸੜਕ ਕਿਨਾਰੇ ਆਪਣੀ ਕਾਰ ਰੋਕੀ ਸੀ | ਜਿਵੇਂ ਹੀ ਪੁੱਤਰ ਨੇ ਵਾਪਸ ਅੰਦਰ ਜਾਣ ਲਈ ਕਾਰ ਦਾ ਦਰਵਾਜ਼ਾ ਖੋਲਿ੍ਹਆ, ਟਰੱਕ ਪਿੱਛੇ ਤੋਂ ਖੜ੍ਹੀ ਗੱਡੀ 'ਚ ਟਕਰਾ ਗਿਆ, ਜਿਸ ਨਾਲ ਨੌਜਵਾਨ ਉਸ ਟਰੱਕ ਦੇ ਪਹੀਏ ਹੇਠਾਂ ਆਣ ਕਾਰਨ ਕੁਚਲਿਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |