ਗੜ੍ਹਸ਼ੰਕਰ (ਹੁਸ਼ਿਆਰਪੁਰ), 25 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਨਾਮੀ ਪਿੰਡ ਮੋਰਾਂਵਾਲੀ ਵਿਖੇ ਇਕ ਐਨ. ਆਰ. ਆਈ. ਵਿਅਕਤੀ ਅਤੇ ਉਸ ਦੇ ਘਰ ਦੀ ਕੇਅਰ ਟੇਕਰ ਔਰਤ ਦੀਆਂ ਘਰ 'ਚੋਂ ਖੂਨ ਨਾਲ ਲੱਥ-ਪੱਥ ਲਾਸ਼ਾਂ ਮਿਲੀਆਂ | ਮੌਕੇ ਦੇ ਹਾਲਾਤ ਅਤੇ ਲਾਸ਼ਾਂ ਕੋਲੋਂ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ | ਦੋਵਾਂ ਦਾ ਘਰ 'ਚ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਬਾਅਦ ਘਰ ਨੂੰ ਬੰਦ ਕੀਤਾ ਹੋਇਆ ਸੀ | ਘਰ ਦੇ ਮਾਲਕ ਮਿ੍ਤਕ ਐਨ. ਆਰ. ਆਈ. ਦੀ ਪਹਿਚਾਣ ਸੰਤੋਖ ਸਿੰਘ (62) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ, ਜੋ ਕੈਨੇਡਾ 'ਚ ਰਹਿ ਰਿਹਾ ਸੀ ਤੇ ਕੁਝ ਅਰਸੇ ਤੋਂ ਪਿੰਡ ਆਇਆ ਹੋਇਆ ਸੀ | ਮਿ੍ਤਕ ਔਰਤ ਦੀ ਪਹਿਚਾਣ ਮਨਜੀਤ ਕੌਰ (46) ਪਤਨੀ ਲਖਵਿੰਦਰ ਸਿੰਘ ਪਿੰਡ ਬਾਠ (ਨੂਰਮਹਿਲ) ਵਜੋਂ ਹੋਈ ਹੈ, ਜੋ ਸੰਤੋਖ ਸਿੰਘ ਦੇ ਘਰ 'ਚ ਪਿਛਲੇ ਕੁੱਝ ਸਾਲਾਂ ਤੋਂ ਕੇਅਰ ਟੇਕਰ ਵਜੋਂ ਰਹਿ ਰਹੀ ਸੀ | ਮਿ੍ਤਕ ਮਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਕੌਰ ਨਾਲ ਫ਼ੋਨ 'ਤੇ ਸੰਪਰਕ ਨਾ ਹੋਣ ਕਾਰਨ ਜਦੋਂ ਉਹ ਸਵੇਰ ਸਮੇਂ ਘਰ ਪਹੁੰਚੇ ਤਾਂ ਇਸ ਘਟਨਾ ਦਾ ਪਤਾ ਲੱਗਾ | ਸਰਪੰਚ ਅਮਨਦੀਪ ਸਿੰਘ ਰਾਏ ਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਘਟਨਾ ਦੀ ਭਿਣਕ ਤੱਕ ਨਹੀਂ ਪਈ ਤੇ ਮਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਹੀ ਘਟਨਾ ਸਾਹਮਣੇ ਆਈ | ਘਟਨਾ ਦੀ ਸੂਚਨਾ ਮਿਲਣ ਬਾਅਦ ਐੱਸ.ਪੀ. (ਡੀ) ਡਾ. ਮੁਕੇਸ਼ ਕੁਮਾਰ, ਐੱਸ.ਪੀ. ਮੇਜਰ ਸਿੰਘ, ਡੀ.ਐ ਸ.ਪੀ. ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਐੱਸ.ਐ ਚ.ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ | ਫੋਰੈਂਸਿਕ ਮਾਹਿਰ ਦੀ ਟੀਮ ਵਲੋਂ ਜਾਂਚ ਉਪਰੰਤ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਬਜ਼ੇ 'ਚ ਲੈ ਲਿਆ | ਪੁਲਿਸ ਮਿ੍ਤਕ ਮਨਜੀਤ ਕੌਰ ਦੇ ਪੁੱਤਰ ਨੂੰ ਪੁੱਛਗਿੱਛ ਲਈ ਨਾਲ ਲੈ ਗਈ | ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਘਟਨਾ ਸੰਬੰਧੀ ਮਾਮਲਾ ਦਰਜ ਕਰਕੇ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |
ਮੋਰਾਂਵਾਲੀ 'ਚ ਐਨ.ਆਰ.ਆਈ. ਵਿਅਕਤੀ ਅਤੇ ਕੇਅਰ ਟੇਕਰ ਔਰਤ ਦਾ ਕਤਲ <br/>
ਅਜੀਤ ਡੈਸਕ
26-09-2025