ਫ਼ਿਰੋਜ਼ਪੁਰ, 26 ਸਤੰਬਰ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਨੇ ਆਪਣੇ ਟਿਕਟ ਚੈਕਿੰਗ ਸਟਾਫ਼ ਲਈ ਇਕ ਨਵਾਂ 'ਬਾਇਓਮੈਟਿ੍ਕ ਸਾਈਨ-ਆਨ ਅਤੇ ਸਾਈਨ-ਆਫ਼ ਸਿਸਟਮ' ਪੇਸ਼ ਕੀਤਾ ਹੈ, ਜੋ ਕਿ ਰੇਲਵੇ ਕਾਰਜਾਂ ਨੂੰ ਆਧੁਨਿਕ ਬਣਾਉਣ ਅਤੇ ਜਵਾਬਦੇਹੀ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਫ਼ਿਰੋਜ਼ਪੁਰ ਡਵੀਜ਼ਨ ਉੱਤਰੀ ਰੇਲਵੇ ਵਿਚ ਪਹਿਲੀ ਡਵੀਜ਼ਨ ਬਣ ਗਈ ਹੈ, ਜਿਸ ਨੇ ਸਾਰੀਆਂ ਟੀ.ਟੀ.ਈ. ਲਾਬੀਆਂ ਵਿਚ 'ਬਾਇਓਮੈਟਿ੍ਕ ਸਾਈਨ-ਆਨ ਅਤੇ ਸਾਈਨ-ਆਫ਼' ਹਾਜ਼ਰੀ ਪ੍ਰਣਾਲੀ ਲਾਗੂ ਕੀਤੀ ਹੈ | ਇਸ ਨੂੰ ਫ਼ਿਰੋਜ਼ਪੁਰ ਡਵੀਜ਼ਨ ਦੇ ਅੰਮਿ੍ਤਸਰ, ਲੁਧਿਆਣਾ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਹੁਸ਼ਿਆਰਪੁਰ, ਮੋਗਾ, ਫ਼ਿਰੋਜ਼ਪੁਰ ਛਾਉਣੀ ਅਤੇ ਫ਼ਾਜ਼ਿਲਕਾ ਰੇਲਵੇ ਸਟੇਸ਼ਨਾਂ ਵਿਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ | ਇਹ ਆਧੁਨਿਕ ਪ੍ਰਣਾਲੀ ਹੁਣ ਕਰਮਚਾਰੀਆਂ ਦੀ ਹਾਜ਼ਰੀ ਨੂੰ ਵਧੇਰੇ ਪਾਰਦਰਸ਼ੀ, ਸੁਰੱਖਿਅਤ ਅਤੇ ਸਟੀਕ ਬਣਾਏਗੀ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਫ਼ਿਰੋਜ਼ਪੁਰ ਡਿਵੀਜ਼ਨ 'ਡਿਜੀਟਾਈਜ਼ੇਸ਼ਨ' ਵੱਲ ਲਗਾਤਾਰ ਯਤਨਸ਼ੀਲ ਹੈ | 'ਬਾਇਓਮੈਟਿ੍ਕ ਸਾਈਨ-ਆਨ ਅਤੇ ਸਾਈਨ-ਆਫ਼ ਸਿਸਟਮ' ਨਾ ਸਿਰਫ਼ ਸਟਾਫ਼ ਦੀ ਤਾਇਨਾਤੀ ਨੂੰ ਸੁਚਾਰੂ ਬਣਾਏਗਾ, ਬਲਕਿ ਟਿਕਟ ਜਾਂਚ ਸਟਾਫ਼ ਦੀ ਸਮੁੱਚੀ ਕੁਸ਼ਲਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵੀ ਮਹੱਤਵਪੂਰਨ ਢੰਗ ਨਾਲ ਵਧਾਏਗਾ, ਜਿਸ ਨਾਲ ਸਾਰੇ ਯਾਤਰੀਆਂ ਲਈ ਯਾਤਰਾ ਅਨੁਭਵ ਵਿਚ ਸੁਧਾਰ ਹੋਵੇਗਾ |
ਫ਼ਿਰੋਜ਼ਪੁਰ ਡਵੀਜ਼ਨ ਨੇ ਸਾਰੀਆਂ ਟੀ.ਟੀ.ਈ. ਲਾਬੀਆਂ 'ਚ ਬਾਇਓਮੈਟਿ੍ਕ ਸਿਸਟਮ ਲਾਗੂ ਕਰਕੇ ਰਚਿਆ ਇਤਿਹਾਸ
ਅਜੀਤ ਡੈਸਕ
27-09-2025