ਵੱਡੀ ਗਿਣਤੀ ਵਿਚ ਲੋਕ ਹੁਣ ਕਰ ਰਹੇ ਆਰ. ਓ. ਤੇ ਬੋਤਲ ਬੰਦ ਪਾਣੀ ਦੀ ਵਰਤੋਂ
ਸ਼ਿਵ ਸ਼ਰਮਾ
ਜਲੰਧਰ, 2 ਨਵੰਬਰ- ਕੁੱਝ ਸਾਲ ਪਹਿਲਾਂ ਤਾਂ ਬਰਸਾਤਾਂ ਵਿਚ ਪਾਣੀ ਭਰਨ ਕਰਕੇ ਅਤੇ ਦੂਸ਼ਿਤ ਪਾਣੀ ਦੀ ਸੰਕਾ ਕਰਕੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਰਹੀ ਸੀ ਪਰ ਹੁਣ ਵਿਕਾਸ ਦੇ ਮਾਡਲ ਕਰਕੇ ਕਈ ਇਲਾਕਿਆਂ ਵਿਚ ਵੀ ਦੂਸ਼ਿਤ ਪਾਣੀ ਬਾਰੇ ਅਕਸਰ ਸ਼ਿਕਾਇਤਾਂ ਆਉਣ ਕਰਕੇ ਕੁੱਝ ਸਾਲਾਂ ਵਿਚ ਹੀ ਆਰ. ਓ. ਦੀ ਮੰਗ ਵਿਚ ਰਿਕਾਰਡ ਵਾਧਾ ਹੋਇਆ ਹੈ | ਨਾ ਸਿਰਫ਼ ਸ਼ਹਿਰਾਂ ਵਿਚ ਸਗੋਂ ਸੂਬੇ ਦੇ ਪੇਂਡੂ ਖੇਤਰਾਂ ਵਿਚ ਵੀ ਆਰ. ਓ. ਲਗਵਾਉਣ ਦੇ ਰੁਝਾਨ ਵਿਚ ਕਾਫ਼ੀ ਵਾਧਾ ਹੋਇਆ ਹੈ | ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਅਜੇ ਵੀ ਕਾਫ਼ੀ ਗਿਣਤੀ ਵਿਚ ਲੋਕ ਸਾਫ਼ ਪਾਣੀ ਲਈ ਤਰਸਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਜਿਹੜਾ ਪਾਣੀ ਪੀ ਰਹੇ ਹਨ, ਉਹ ਚਾਹੇ ਦੇਖਣ ਨੂੰ ਸਾਫ਼ ਲੱਗਦਾ ਹੈ ਪਰ ਉਹ ਪੂਰੀ ਤਰਾਂ ਨਾਲ ਸਾਫ਼ ਨਹੀਂ ਹੈ ਤੇ ਇਸ ਤਰਾਂ ਦੇ ਦੂਸ਼ਿਤ ਪਾਣੀ ਨਾਲ ਪੇਟ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ | ਕੁੱਝ ਸਾਲਾਂ ਤੋਂ ਪਾਣੀ ਦੇ ਦੂਸ਼ਿਤ ਹੋਣ ਦੇ ਮਾਮਲੇ ਸਾਹਮਣੇ ਆਉਣ ਕਰਕੇ ਹੁਣ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਗਾਉਣ ਦਾ ਕੰਮ ਜਿੱਥੇ ਕਈ ਗੁਣਾ ਵਧ ਚੁਕਾ ਹੈ ਤੇ ਉੱਥੇ ਵਿਆਹ ਸਮਾਗਮਾਂ ਸਮੇਤ ਹੋਰ ਵੀ ਕਈ ਸਮਾਗਮਾਂ ਵਿਚ ਬੋਤਲ ਬੰਦ ਪਾਣੀ ਨੂੰ ਹੀ ਵਰਤਾਉਣ ਲਈ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਸਰਕਾਰੀ ਟੂਟੀਆਂ ਦਾ ਕਈ ਖੇਤਰਾਂ ਵਿਚ ਪਾਣੀ ਸਾਫ਼ ਨਾ ਆਉਣ ਕਰਕੇ ਹੁਣ ਲੋਕ ਇਹਤਿਆਤ ਵਜੋਂ ਬੋਤਲ ਬੰਦ ਪਾਣੀ ਅਤੇ ਘਰਾਂ ਅਤੇ ਅਦਾਰਿਆਂ ਵਿਚ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਨੂੰ ਲਗਾਉਣ ਨੂੰ ਪਹਿਲ ਦੇ ਰਹੇ ਹਨ | ਜਿਨ੍ਹਾਂ ਆਰ. ਓ. ਤੇ ਵਾਟਰ ਪਿਊਰੀਫਾਈਰ ਵੀ ਕਿਹਾ ਜਾਂਦਾ ਹੈ | ਚਾਹੇ ਕਈ ਇਲਾਕਿਆਂ ਵਿਚ ਸਾਫ਼ ਪਾਣੀ ਦੀ ਸਪਲਾਈ ਆਉਂਦੀ ਵੀ ਹੋਵੇ ਪਰ ਇਸ ਦੇ ਬਾਵਜੂਦ ਵੀ ਲੋਕ ਪਾਣੀ ਦੇ ਮਾਮਲੇ ਵਿਚ ਕਿਸੇ ਤਰਾਂ ਦਾ ਜੋਖ਼ਮ ਲੈਣ ਲਈ ਤਿਆਰ ਨਹੀਂ ਹਨ ਤੇ ਉਹ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਗਾਉਣ ਨੂੰ ਪਹਿਲ ਦਿੰਦੇ ਹਨ | ਬਾਜ਼ਾਰ ਵਿਚ ਸੈਂਕੜੇ ਤਰਾਂ ਦੇ ਬਰਾਂਡਿਡ ਕੰਪਨੀਆਂ ਦੀਆਂ ਮਸ਼ੀਨਾਂ ਮੌਜੂਦ ਹਨ | ਕਈ ਇਲਾਕਿਆਂ ਵਿਚ ਪਾਣੀ ਦੂਸ਼ਿਤ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਸੜਕਾਂ, ਗਲੀਆਂ ਦੇ ਹੇਠਾਂ ਜਿਹੜੀਆਂ ਪਾਈਪਾਂ ਪਈਆਂ ਹਨ, ਉਨ੍ਹਾਂ ਵਿਚ ਕਈ ਪਾਈਪਾਂ ਨੂੰ ਪਾਏ ਤਾਂ 25 ਤੋਂ 30 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਜੰਗ ਲੱਗ ਚੁੱਕਾ ਹੈ ਤੇ ਕਈ ਵਾਰ ਤਾਂ ਬਰਸਾਤਾਂ ਵਿਚ ਪਾਣੀ ਭਰਨ ਨਾਲ ਸਾਫ਼ ਪਾਣੀ ਦੀ ਪਾਈਪ ਵਿਚ ਗੰਦਾ ਪਾਣੀ ਮਿਕਸ ਹੋ ਜਾਂਦਾ ਹੈ ਜਾਂ ਫਿਰ ਪਾਣੀ ਵਾਲੀ ਮੋਟਰ ਦੇ ਚੱਲਣ ਕਰਕੇ ਸਾਫ਼ ਪਾਣੀ ਦੀ ਪਾਈਪ ਤੋਂ ਗੰਦਾ ਪਾਣੀ ਵੀ ਆ ਜਾਂਦਾ ਹੈ | ਪਾਣੀ ਦੀਆਂ ਕਈ ਪੁਰਾਣੀਆਂ ਪਾਈਪਾਂ ਤੋਂ ਲੀਕੇਜ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ | ਬਾਜ਼ਾਰ ਵਿਚ ਪਾਣੀ ਸਾਫ਼ ਕਰਨ ਵਾਲੇ ਉਪਕਰਨਾਂ ਦੀ ਕੀਮਤ ਹਜ਼ਾਰਾਂ ਵਿਚ ਹੈ | ਉਂਜ ਕਈ ਪਛੜੇ ਇਲਾਕੇ ਇਸ ਤਰਾਂ ਦੇ ਵੀ ਹਨ ਜਿੱਥੇ ਕਿ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਉਹ ਕਿਸ ਤਰਾਂ ਦਾ ਪਾਣੀ ਪੀ ਰਹੇ ਹਨ ਤਾਂ ਕਈ ਲੋਕ ਤਾਂ ਪੇਟ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਨ | ਉਂਜ ਪਛੜੇ ਇਲਾਕਿਆਂ ਵਿਚ ਕਈ ਲੋਕ ਤਾਂ ਪਾਣੀ ਸਾਫ਼ ਕਰਨ ਵਾਲੇ ਮਹਿੰਗੇ ਉਪਕਰਨ ਲਗਾਉਣ ਦੇ ਸਮਰੱਥ ਵੀ ਨਹੀਂ ਹੁੰਦੇ ਹਨ | ਕਈ ਇਲਾਕਿਆਂ ਵਿਚ ਜ਼ਮੀਨ ਹੇਠਲੀਆਂ ਜੇਕਰ ਪਾਈਪਾਂ ਨੂੰ ਜੰਗ ਲੱਗ ਚੁਕਾ ਹੈ ਤੇ ਸਰਕਾਰਾਂ ਕੋਲ ਐਨੇ ਜ਼ਿਆਦਾ ਫ਼ੰਡ ਵੀ ਨਹੀਂ ਹਨ ਕਿ ਉਹ ਅਰਬਾਂ ਰੁਪਏ ਦੀਆਂ ਕੀਮਤਾਂ ਵਾਲੇ ਪਾਈਪਾਂ ਨੂੰ ਬਦਲੀ ਕਰਵਾ ਸਕੇ ਪਰ ਸਰਕਾਰਾਂ ਨੂੰ ਸਮੇਂ ਰਹਿੰਦੇ ਜੰਗ ਲੱਗੀਆਂ ਪਾਈਪਾਂ ਨੂੰ ਹੌਲੀ-ਹੌਲੀ ਬਦਲਣ ਲਈ ਫ਼ੰਡ ਵੀ ਰੱਖਣੇ ਚਾਹੀਦੇ ਹਨ ਤਾਂ ਜੋ ਜਿਹੜੇ ਲੋਕ ਪਾਣੀ ਸਾਫ਼ ਕਰਨ ਵਾਲੇ ਉਪਕਰਨ ਨਹੀਂ ਲਗਾ ਸਕਦੇ ਹਨ, ਉਨ੍ਹਾਂ ਨੂੰ ਘੱਟੋ-ਘੱਟ ਸਾਫ਼ ਪਾਣੀ ਮਿਲ ਸਕੇ ਤੇ ਸਰਕਾਰ ਲਈ ਵੀ ਸੰਭਵ ਨਹੀਂ ਹੈ ਕਿ ਜਿਨ੍ਹਾਂ ਜਿਨ੍ਹਾਂ ਪਛੜੇ ਇਲਾਕਿਆਂ ਵਿਚ ਗੰਦੇ ਪਾਣੀ ਦੇ ਆਉਣ ਦੀ ਸ਼ੰਕਾ ਬਣੀ ਰਹਿੰਦੀ ਹੈ, ਉਨ੍ਹਾਂ ਥਾਵਾਂ 'ਤੇ ਸਾਰਿਆਂ ਨੂੰ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਗਵਾ ਕੇ ਦਿੱਤੀਆਂ ਜਾਣ |
ਦੂਸ਼ਿਤ ਪਾਣੀ ਦੀ ਸ਼ੰਕਾ ਕਰਕੇ ਲਗਾਤਾਰ ਵਧ ਰਹੀ ਆਰ. ਓ. ਦੀ ਮੰਗ <br/>
ਅਜੀਤ ਡੈਸਕ
03-11-2025