ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਾਕਿ ਪਹੁੰਚਣ ਉਪਰੰਤ ਉੱਥੋਂ ਫ਼ਰਾਰ ਹੋ ਕੇ ਸ਼ੇਖ਼ੂਪੁਰਾ ਦੇ ਤਿੰਨ ਬੱਚਿਆਂ ਦੇ ਪਿਤਾ ਨਾਸਿਰ ਹੁਸੈਨ ਨਾਲ ਨਿਕਾਹ ਅਤੇ ਧਰਮ ਪਰਿਵਰਤਨ ਕਰਨ ਵਾਲੀ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਵਿਰੁੱਧ ਲਾਹੌਰ ਹਾਈ ਕੋਰਟ 'ਚ ਅੱਜ ਇਕ ਵਾਰ ਫਿਰ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ | ਜਿਸ 'ਚ ਉਸ 'ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ, ਨਿਰੋਲ ਧਾਰਮਿਕ ਤੀਰਥ ਯਾਤਰਾ ਦੀ ਦੁਰਵਰਤੋਂ ਕਰਨ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਫ਼ਰਾਰ ਹੋਣ ਅਤੇ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਪਾਕਿ 'ਚ ਰਹਿਣ ਦਾ ਦੋਸ਼ ਲਗਾਇਆ ਗਿਆ ਹੈ | ਪਹਿਲਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਬਾਅਦ ਦੁਬਾਰਾ ਪੇਸ਼ ਕੀਤੀ ਗਈ ਪਟੀਸ਼ਨ ਬਾਰੇ ਲਾਹੌਰ ਹਾਈ ਕੋਰਟ ਦੇ ਸਿੰਗਲ ਬੈਂਚ ਵਲੋਂ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਹ ਪਟੀਸ਼ਨ ਲਹਿੰਦੇ ਪੰਜਾਬ ਦੇ ਸਾਬਕਾ ਐੱਮ. ਪੀ. ਏ. ਅਤੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਸਾਬਕਾ ਸੰਸਦੀ ਸਕੱਤਰ ਸ: ਮਹਿੰਦਰਪਾਲ ਸਿੰਘ ਨੇ ਆਪਣੇ ਵਕੀਲ ਅਲੀ ਚੰਗੇਜ਼ੀ ਸੰਧੂ ਰਾਹੀਂ ਦਾਇਰ ਕੀਤੀ ਹੈ | ਪਟੀਸ਼ਨ ਦੇ ਅਨੁਸਾਰ ਸਰਬਜੀਤ ਕੌਰ 4 ਨਵੰਬਰ ਨੂੰ ਪਾਕਿ 'ਚ ਦਾਖਲ ਹੋਈ ਅਤੇ ਉਸ ਲਈ 10 ਦਿਨਾਂ ਦਾ ਸਿੰਗਲ-ਐਂਟਰੀ ਧਾਰਮਿਕ ਵੀਜ਼ਾ ਜਾਰੀ ਕੀਤਾ ਗਿਆ ਸੀ | ਪਟੀਸ਼ਨ 'ਚ ਅੱਗੇ ਦੋਸ਼ ਲਗਾਇਆ ਗਿਆ ਕਿ ਸਰਬਜੀਤ ਕੌਰ ਪਹਿਲਾਂ ਹੀ ਭਾਰਤ 'ਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਉਸ ਨੂੰ ਵੀਜ਼ਾ, ਸਰਹੱਦੀ ਪ੍ਰਵਾਨਗੀ ਅਤੇ ਪਾਕਿ ਦੇ ਅੰਦਰ ਘੁੰਮਣ-ਫਿਰਨ ਦੇਣ ਨਾਲ ਗੰਭੀਰ ਕਾਨੂੰਨੀ ਅਤੇ ਸੁਰੱਖਿਆ ਚਿੰਤਾਵਾਂ ਪੈਦਾ ਹੋ ਰਹੀਆਂ ਹਨ | ਪਟੀਸ਼ਨ 'ਚ ਪੀ. ਐੱਸ. ਜੀ. ਪੀ. ਸੀ. ਅਤੇ ਪੰਜਾਬ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੂੰ ਤੀਰਥ ਯਾਤਰਾ ਗਤੀਵਿਧੀਆਂ ਦੀ ਸਖ਼ਤ ਨਿਗਰਾਨੀ ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ |