ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਾਕੀ ਨੇ ਕਿਹਾ ਕਿ ਕਾਬੁਲ ਨੂੰ ਕਿਸੇ ਵੀ ਦੇਸ਼ ਨਾਲ ਸੰਬੰਧ ਸਥਾਪਿਤ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਤੋਂ ਤਾਲਿਬਾਨ ਨੂੰ ਕੋਈ ਨਹੀਂ ਰੋਕ ਸਕਦਾ | ਮੁੱਤਾਕੀ ਨੇ ਅਫ਼ਗਾਨਿਸਤਾਨ ਦੀ ਵਿਦੇਸ਼ ਨੀਤੀ ਨੂੰ ਪੂਰੀ ਤਰ੍ਹਾਂ ਸੁਤੰਤਰ ਦੱਸਿਆ ਅਤੇ ਕਿਹਾ ਕਿ ਇਹ ਰਾਸ਼ਟਰੀ ਹਿੱਤਾਂ ਦੇ ਆਧਾਰ 'ਤੇ ਦੇਸ਼ਾਂ ਨਾਲ ਸੰਬੰਧ ਬਣਾਉਂਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦਾ ਨਾਂਅ ਲੈ ਕੇ ਟਿੱਪਣੀ ਕੀਤੀ ਕਿ ਪਾਕਿ ਦਾ ਭਾਰਤ 'ਚ ਦੂਤਘਰ ਹੈ ਤਾਂ ਫਿਰ ਅਫ਼ਗਾਨਿਸਤਾਨ ਨੂੰ ਇਸ ਅਧਿਕਾਰ ਤੋਂ ਕਿਉਂ ਵਾਂਝਾ ਰੱਖਿਆ ਜਾਵੇ | ਮੁੱਤਾਕੀ ਨੇ ਪਾਕਿ ਵਲੋਂ ਹਿੰਸਾ ਭੜਕਾਉਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਪਾਕਿਸਤਾਨ ਨੇ ਸਾਨੂੰ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਲਈ ਦੋਸ਼ੀ ਠਹਿਰਾਇਆ, ਫਿਰ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਲਈ ਅਤੇ ਹੁਣ ਉਹ ਇਨ੍ਹਾਂ ਹੀ ਸਮੂਹਾਂ ਦਾ ਨਾਂ ਲੈ ਕੇ ਭਾਰਤ ਨੂੰ ਦੋਸ਼ੀ ਠਹਿਰਾ ਰਿਹਾ ਹੈ |