ਬਠਿੰਡਾ, 7 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ-ਮਾਨਸਾ ਰੋਡ ਵਿਖੇ ਐੱਚ.ਬੀ.ਐਨ. ਕਾਲੋਨੀ ਦੇ ਕੁਆਰਟਰ ਸਥਿਤ ਇਕ 7 ਸਾਲ ਦੀ ਬੱਚੀ ਦੀ ਡੰੂਘੇ ਡੱਗ 'ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ 'ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰ ਘਟਨਾ ਸਥਾਨ ਉੱਪਰ ਪਹੁੰਚੇ, ਜਿਨ੍ਹਾਂ ਨੇ ਬੱਚੀ ਨੂੰ 20 ਫੁੱਟ ਡੂੰਘੇ ਡੱਗ ਵਿਚੋਂ ਬਾਹਰ ਕੱਢਿਆ | ਇਸ ਮਾਮਲੇ ਸੰਬੰਧੀ ਸੰਸਥਾ ਮੈਂਬਰ ਸੰਦੀਪ ਗਿੱਲ ਅਤੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਰੋਡ ਵਿਖੇ ਐੱਚ.ਬੀ.ਐਨ ਕਾਲੋਨੀ ਦੇ ਕੁਆਰਟਰ 'ਚ ਇਕ 7 ਸਾਲ ਦੀ ਬੱਚੀ ਜੋ ਕਿ ਖੇਡ ਰਹੀ ਸੀ, ਅਚਾਨਕ ਉਹ ਲਾਪਤਾ ਹੋ ਗਈ | ਪੁਲਿਸ ਅਤੇ ਬੱਚੀ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ, ਪਰ ਉੱਥੇ ਹੀ ਬਣੇ 20 ਫੁੱਟ ਡੰੂਘੇ ਡੱਗ 'ਚ ਬੱਚੀ ਦੀ ਲਾਸ਼ ਉੱਪਰ ਆਉਣ ਕਾਰਨ ਬੱਚੀ ਦਾ ਪਤਾ ਲੱਗ ਗਿਆ | ਥਾਣਾ ਸਦਰ ਪੁਲਿਸ ਕਾਰਵਾਈ ਦੇ ਬਾਅਦ ਸੰਸਥਾ ਨੇ ਬੱਚੀ ਦੀ ਲਾਸ਼ ਨੂੰ ਬਾਹਰ ਕੱਢ ਕੇ ਏਮਜ਼ ਹਸਪਤਾਲ 'ਚ ਪਹੁੰਚਾਇਆ, ਜਿਸ ਦੀ ਸ਼ਨਾਖਤ ਬਿਊਟੀ ਕੁਮਾਰੀ ਐੱਚ.ਬੀ.ਐਨ ਕਾਲੋਨੀ ਵਜੋਂ ਹੋਈ ਹੈ |