ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਲੋਕਲ ਸਰਕਾਰ ਵਜੋਂ ਜਾਣੀਆਂ ਜਾਂਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਇਸ ਵਾਰ ਹਲਕਾ ਰਾਏਕੋਟ ਵਿਚ ਕਈ ਤਰ੍ਹਾਂ ਦੇ ਵੱਖਰੇ ਰੰਗ-ਢੰਗ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਇੰਨ੍ਹਾਂ ਚੋਣਾਂ ਦੌਰਾਨ ਬਲਾਕ ਸੰਮਤੀ ਰਾਏਕੋਟ ਅਤੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਚੋਣ ਲੜ੍ਹ ਰਹੀ ਹੈ ਉੱਥੇ ਹੀ ਵਰਕਰਾਂ ਨੂੰ ਟਿੱਚ ਜਾਣਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਇਸ ਵਾਰ ਕੁਝ ਥਾਵਾਂ 'ਤੇ ਵਰਕਰਾਂ ਨੇ ਵੀ ਠਿੱਬੀ ਲਗਾਉਣ ਵਿਚ ਕੋਈ ਕਸਰ ਨਹੀਂ ਛੱਡੀ | ਅਜਿਹਾ ਹੀ ਇਕ ਮਾਮਲਾ ਬਲਾਕ ਸੰਮਤੀ ਰਾਏਕੋਟ ਦੇ ਜ਼ੋਨ ਡਾਂਗੋਂ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਚੁੱਪ-ਚੁਪੀਤੇ ਹੀ ਪਾਸੇ ਬਦਲ ਗਏ, ਜਦਕਿ ਨਾਲ ਆਏ ਸਮਰਥਕ ਤੇ ਆਗੂ ਸ਼ਸ਼ੋਪੰਜ ਵਿਚ ਪੈ ਗਏ | ਦਰਅਸਲ ਡਾਂਗੋਂ ਜ਼ੋਨ ਤੋਂ ਜਿਸ ਸੰਭਾਵੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ, ਉਸ ਨੂੰ ਸੱਤ੍ਹਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਪੱਟ ਲਿਆ | ਇਸ ਤੋਂ ਹਰਕਤ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ ਨੂੰ ਆਪਣੇ ਖੇਮੇ ਵਿਚ ਲਿਆਂਦਾ, ਜਦਕਿ ਕਾਂਗਰਸ ਨੂੰ ਮੌਕੇ 'ਤੇ ਨਵਾਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨਾ ਪਿਆ | ਇਸ ਘਟਨਾਕ੍ਰਮ ਨੂੰ ਲੈ ਕੇ ਜਿੱਥੇ ਹਲਕੇ ਵਿਚ ਚਰਚਾਵਾਂ ਚੱਲ ਰਹੀਆਂ ਹਨ, ਉੱਥੇ ਹੀ ਸਿਆਸੀ ਆਗੂਆਂ ਨੂੰ ਵੀ ਆਪਣੇ ਵਰਕਰਾਂ ਦੀਆਂ ਸਰਗਰਮੀਆਂ 'ਤੇ ਨਿਗ੍ਹਾ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇੰਨ੍ਹਾਂ ਚੋਣਾਂ ਦੌਰਾਨ ਆਉਂਦੇ ਦਿਨਾਂ ਵਿਚ ਹੋਰ ਕੀ ਰੰਗ ਦੇਖਣ ਨੂੰ ਮਿਲਣਗੇ, ਇਹ ਸਮਾਂ ਹੀ ਦੱਸੇਗਾ |