ਅੰਮਿ੍ਤਸਰ, 7 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਵਾਲੇ ਰਸਤੇ 'ਚ ਕੀਤੇ ਗਏ ਸੁੰਦਰੀਕਰਨ ਦੇ ਕੰੰਮਾਂ, ਸਿੱਖ ਕੌਮ ਦੇ 2 ਮਹਾਨ ਜਰਨੈਲਾਂ ਦੇ ਸਥਾਪਿਤ ਵਿਸ਼ਾਲ ਬੁੱਤਾਂ ਅਤੇ ਲੋੜੀਂਦੀਆਂ ਬੁਨਿਆਂਦੀ ਸਹੂਲਤਾਂ ਦਾ ਅੱਜ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਉਦਘਾਟਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਵਿਰਾਸਤੀ ਮਾਰਗ 'ਤੇ ਇਹ ਸਾਰਾ ਕੰਮ ਡਾ. ਵਿਕਰਮਜੀਤ ਸਿੰਘ ਸਾਹਨੀ ਵਲੋਂ ਆਪਣੇ ਐੱਮ.ਪੀ. ਐੱਲ. ਏ. ਡੀ. ਫੰਡ ਨਾਲ ਕਰਵਾਇਆ ਗਿਆ ਹੈ, ਜਿਸ ਨਾਲ ਇਹ ਵਿਰਾਸਤੀ ਮਾਰਗ ਹੋਰ ਵੀ ਦਿਲਕਸ਼ ਅਤੇ ਸਹੂਲਤਾਂ ਭਰਪੂਰ ਬਣ ਗਿਆ ਹੈ | ਇਸ ਉਦਘਾਟਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਅਰਦਾਸੀਏ ਸਿੰਘ ਸਾਹਿਬ ਗਿਆਨੀ ਕੁਲਵਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ | ਡਾ. ਸਾਹਨੀ ਨੇ ਦੱਸਿਆ ਕਿ ਇਸ ਕਾਰਜ ਦਾ ਉਦੇਸ਼ ਉਨ੍ਹਾਂ ਸ਼ਰਧਾਲੂਆਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣਾ ਹੈ ਜੋ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਵੱਲ ਪੈਦਲ ਜਾਂਦੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਲਾਗਤ 3 ਕਰੋੜ ਰੁਪਏ ਹੈ | ਸਿੱਖ ਯੋਧਿਆਂ ਸ: ਹਰੀ ਸਿੰਘ ਨਲਵਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਦੋ ਵਿਸ਼ਾਲ ਬੁੱਤ ਵੀ ਹੈਰੀਟੇਜ ਸਟ੍ਰੀਟ ਦੀ ਸ਼ੁਰੂਆਤ 'ਚ ਲਗਾਏ ਗਏ ਹਨ | ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੁਣ ਹੈਰੀਟੇਜ ਸਟ੍ਰੀਟ ਸੁੰਦਰ, ਸਾਫ਼-ਸੁਥਰੀ ਅਤੇ ਆਧਿਆਤਮਿਕ ਤੌਰ 'ਤੇ ਪ੍ਰੇਰਣਾਦਾਇਕ ਲੱਗਦੀ ਹੈ | ਬਿਹਤਰ ਫ਼ਲੋਰਿੰਗ, ਕਲਾਕਾਰੀ, ਲਾਈਟਿੰਗ ਅਤੇ ਹਰਿਆਲੀ ਨੇ ਇਸ ਰਾਹ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ | ਇਸ ਮੌਕੇ ਵਿਧਾਇਕ ਡਾ. ਅਜੇ ਗੁਪਤਾ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ, ਕੌਂਸਲਰ ਜਰਨੈਲ ਸਿੰਘ ਢੋਟ ਆਦਿ ਹਾਜ਼ਰ ਸਨ |