ਨਕੋਦਰ (ਜਲੰਧਰ), 7 ਦਸੰਬਰ (ਗੁਰਵਿੰਦਰ ਸਿੰਘ)-ਨਕੋਦਰ ਦੀ ਨਵੀਂ ਦਾਣਾ ਮੰਡੀ 'ਚ ਲਗਾਏ ਜਾ ਰਹੇ 10ਵੇਂ ਜੇ.ਪੀ.ਜੀ.ਏ. ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਦੋਆਬੇ ਦਾ ਗੜ੍ਹ ਮੰਨੇ ਜਾਂਦੇ ਨਕੋਦਰ 'ਚ ਪਹਿਲੀ ਵਾਰ ਇੰਨਾ ਵੱਡਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ 150 ਤੋਂ ਵੱਧ ਕੰਪਨੀਆਂ ਆਪਣਾ ਸਟਾਲ ਲਗਾ ਰਹੀਆਂ ਹਨ | ਟਰੈਕਟਰਾਂ ਦੀਆਂ ਕੰਪਨੀਆਂ, ਆਧੁਨਿਕ ਖੇਤੀਬਾੜੀ ਦੇ ਸੰਦਾਂ ਦੀ ਨੁਮਾਇਸ਼, ਬੀਜਾਂ, ਖਾਦਾਂ ਤੇ ਦਵਾਈਆਂ ਵਾਲੀਆਂ ਕੰਪਨੀਆਂ ਵੀ ਆਪਣੇ ਉਤਪਾਦਾਂ ਦੀ ਨੁਮਾਇਸ਼ ਲਗਾਉਣਗੀਆਂ | ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੀ ਐਗਜੈਕਟਿਵ ਕਮੇਟੀ ਪਿਛਲੇ ਇਕ ਹਫਤੇ ਤੋਂ ਨਕੋਦਰ ਦੀ ਦਾਣਾ ਮੰਡੀ ਵਿਚ ਸਰਗਰਮ ਹੈ | ਪਹਿਲੀ ਵਾਰ ਜਲੰਧਰ ਤੋਂ ਦਫ਼ਤਰ ਆਰਜੀ ਤੌਰ 'ਤੇ ਮੇਲੇ ਵਾਲੀ ਥਾਂ ਲਿਆਦਾਂ ਗਿਆ ਹੈ | ਜੇ.ਪੀ.ਜੀ.ਏ. ਦੇ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੇਸ ਕੈਂਪ ਮੇਲੇ ਵਾਲੀ ਥਾਂ ਲਿਆਂਦਾ ਗਿਆ ਹੈ | ਕਿਸਾਨ ਮੇਲੇ ਦੀ ਜਾਣਕਾਰੀ ਸਾਂਝੀ ਕਰਦਿਆ ਉਨ੍ਹਾਂ ਦੱਸਿਆ ਕਿ 8 ਦਸੰਬਰ ਨੂੰ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਅਤੇ ਹੋਰ ਪ੍ਰਮੱੁਖ ਸਖਸ਼ੀਅਤਾਂ ਕਰਨਗੀਆਂ | ਮੇਲੇ ਵਿਚ ਪਹਿਲੇ ਦਿਨ ਗੰਨੇ ਦੀ ਖੇਤੀ ਦੇ ਮਾਹਰ ਡਾ. ਗੁਲਜਾਰ ਸਿੰਘ, ਸੀ.ਪੀ.ਆਰ.ਆਈ. ਬਾਦਸ਼ਾਹਪੁਰ ਤੋਂ ਆਲੂਆਂ ਤੇ ਬਾਗਬਾਨੀ ਦੇ ਮਾਹਰ ਡਾ. ਸੁਖਵਿੰਦਰ ਸਿੰਘ, ਖੇਤੀਬਾੜੀ ਦੇ ਬਾਬਾ ਬੋਹੜ ਮੰਨੇ ਜਾਂਦੇ ਮਹਿੰਦਰ ਸਿੰਘ ਦੋਸਾਂਝ ਸੈਮੀਨਾਰ 'ਚ ਕਿਸਾਨਾਂ ਨੂੰ ਜਾਗਰੂਕ ਕਰਨਗੇ | ਦੂਸਰੇ ਦਿਨ ਗਡਵਾਸੂ ਤੋਂ ਮਾਹਰ ਡਾਕਟਰਾਂ ਦੀ ਟੀਮ, ਮੰੂਗਫਲੀ ਦੀ ਖੇਤੀ ਦੇ ਮਾਹਰ ਕਿਸਾਨ, ਸਹਾਇਕ ਧੰਦਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਨਾਮ ਵੰਡ ਸਮਾਰੋਹ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਕਿਸਾਨਾਂ ਦੇ ਰੂਬਰੂ ਹੋਣਗੀਆਂ | ਕਿਸਾਨਾਂ ਲਈ ਲੱਕੀ ਡਰਾਅ ਵੀ ਕੱਢੇ ਜਾਣਗੇ | ਪਾਰਕਿੰਗ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ | ਕਿਸਾਨ ਮੇਲੇ ਦਾ ਦੋ ਦਿਨਾ ਸਮਾਗਮ ਸ਼ੋਸਲ ਮੀਡੀਆ ਰਾਹੀਂ ਘਰ ਬੈਠੇ ਵੀ ਜੇਪੀਜੀਏ ਦੇ ਪੇਜ ਉਪਰ ਜਾ ਕੇ ਦੇਖ ਸਕਦੇ ਹੋ | ਪੰਜਾਬ ਭਰ ਦੇ ਕਿਸਾਨਾਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਦੋਆਬੇ 'ਚ ਹੁੰਦੇ ਵੱਡੇ ਕਿਸਾਨ ਮੇਲੇ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਏ |