ਨਵੀਂ ਦਿੱਲੀ, 17 ਦਸੰਬਰ (ਉਪਮਾ ਡਾਗਾ ਪਾਰਥ)-ਫ਼ਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ 'ਵੰਦੇ ਭਾਰਤ' ਐਕਸਪ੍ਰੈੱਸ ਹੁਣ ਬਰਨਾਲਾ 'ਚ ਵੀ ਰੁਕੇਗੀ | ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਕਤ ਜਾਣਕਾਰੀ ਦਿੱਤੀ | ਬਿੱਟੂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਦੱਸਿਆ ਕਿ 'ਵੰਦੇ ਭਾਰਤ' ਰੇਲ ਗੱਡੀ ਦੇ ਬਰਨਾਲਾ 'ਚ ਨਾ ਰੁਕਣ ਕਾਰਨ ਉਥੋਂ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ | ਬਿੱਟੂ ਨੇ 'ਆਪ' ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੰਗ ਕਾਫ਼ੀ ਲੰਮੇ ਸਮੇਂ ਤੋਂ ਉੱਠ ਰਹੀ ਸੀ | ਉਨ੍ਹਾਂ ਕਿਹਾ ਕਿ ਇਸ ਨਾਲ ਬਰਨਾਲਾ ਦੇ ਨਾਲ ਲਗਦੇ ਮਲੇਰਕੋਟਲਾ, ਸੰਗਰੂਰ ਵਰਗੇ ਸ਼ਹਿਰਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ | ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਲ ਹੀ 'ਚ ਬਿੱਟੂ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਸੀ ਕਿ ਨਵੀਂ ਦਿੱਲੀ ਤੋਂ ਫ਼ਿਰੋਜ਼ਪੁਰ ਛਾਉਣੀ ਤੱਕ ਚੱਲਣ ਵਾਲੀ ਨਵੀਂ 'ਵੰਦੇ ਭਾਰਤ' ਰੇਲ ਗੱਡੀ ਦਾ ਠਹਿਰਾਅ ਬਰਨਾਲਾ 'ਚ ਵੀ ਕੀਤਾ ਜਾਵੇ | ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਰਨਾਲਾ 'ਚ ਗੱਡੀ ਠਹਿਰਾਅ ਦੀ ਮਨਜ਼ੂਰੀ ਦੀ ਜਾਣਕਾਰੀ ਖ਼ੁਦ ਬਿੱਟੂ ਨਾਲ ਸਾਂਝੀ ਕੀਤੀ |
ਹੁਣ ਬਰਨਾਲਾ 'ਚ ਵੀ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ-ਬਿੱਟੂ <br/>
ਅਜੀਤ ਡੈਸਕ
18-12-2025