ਕਾਂਗਰਸ ਨੇ ਸੰਸਦ ਭਵਨ 'ਚ ਸਤਯਮੇਵ ਜਯਤੇ ਦੇ ਪੋਸਟਰ ਲੈ ਕੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ, 17 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਨੈਸ਼ਨਲ ਹੇਰਾਲਡ ਮਾਮਲੇ 'ਚ ਮੰਗਲਵਾਰ ਨੂੰ ਆਏ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਸ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਚੁੱਕਿਆ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ (ਪ੍ਰਧਾਨ ਮੰਤਰੀ) ਮੋਦੀ ਅਤੇ (ਗ੍ਰਹਿ ਮੰਤਰੀ) ਅਮਿਤ ਸ਼ਾਹ ਦੇ ਮੂੰਹ 'ਤੇ ਥਪੜ ਵਾਂਗ ਹੈ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ | ਕਾਂਗਰਸ ਪ੍ਰਧਾਨ ਨੇ ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸੱਤਾ ਧਿਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਕੇਸ ਸਿਰਫ਼ ਗਾਂਧੀ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਹੈਰਾਲਡ ਮਾਮਲੇ 'ਚੋਂ ਕੋਈ ਐਫ. ਆਈ. ਆਰ. ਨਹੀਂ ਦਰਜ ਕੀਤੀ ਗਈ | ਕਿਸੇ ਦੀ ਸ਼ਿਕਾਇਤ 'ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ | ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਹੇਰਾਲਡ ਅਖ਼ਬਾਰ ਦੀ ਸਥਾਪਨਾ 1938 'ਚ ਸੁਤੰਤਰਤਾ ਸੰਗਰਾਮੀਆਂ ਨੇ ਕੀਤੀ ਸੀ, ਪਰ ਇਹ ਲੋਕ (ਭਾਜਪਾ) ਸੀ. ਬੀ. ਆਈ. ਅਤੇ ਈ. ਡੀ. ਜਿਹੀਆਂ ਏਜੰਸੀਆਂ ਦੀ ਵਰਤੋਂ ਕਰਦੇ ਕਾਂਗਰਸ ਨੇਤਾਵਾਂ ਨੂੰ ਬਦਨਾਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡਾ ਨਾਅਰਾ ਹੈ-ਸਤਯਮੇਵ ਜਯਤੇ | ਕੱਲ੍ਹ (ਮੰਗਲਵਾਰ ਨੂੰ ) ਅਦਾਲਤ ਦਾ ਫ਼ੈਸਲਾ ਨਿਆਂ ਦੇ ਹੱਕ 'ਚ ਆਇਆ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਮੋਦੀ ਅਤੇ ਸ਼ਾਹ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਸ ਪ੍ਰੈੱਸ ਕਾਨਫ਼ਰੰਸ ਨੂੰ ਅਭਿਸ਼ੇਕ ਮਨੁ ਸਿੰਘਵੀ, ਪਵਨ ਖੇੜਾ ਅਤੇ ਕੇ. ਸੀ. ਵੇਣੂਗੋਪਾਲ ਨੇ ਵੀ ਸੰਬੋਧਨ ਕੀਤਾ | ਕਾਂਗਰਸ ਨੇ ਸੰਸਦ ਭਵਨ 'ਚ ਮਕਰ ਦਵਾਰ ਦੇ ਬਾਹਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ | ਜਿਸ 'ਚ ਕਾਂਗਰਸੀ ਸੰਸਦ ਮੈਂਬਰਾਂ ਨੇ 'ਸਤਯਮੇਵ ਜਯਤੇ' ਅਤੇ 'ਟਰੁੱਥ ਪ੍ਰੀਵੇਲਨ' ਸਚਾਈ ਦੀ ਜਿੱਤ ਹੁੰਦੀ ਹੈ ਦਾ ਵੱਡਾ ਪੋਸਟਰ ਫੜਿਆ ਹੋਇਆ ਸੀ | ਕਾਂਗਰਸੀ ਸੰਸਦ ਮੈਂਬਰ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਈ. ਡੀ. ਦੇ ਮਨੀ ਲਾਂਡਰਿੰਗ ਦੇ ਦੋਸ਼ ਪੱਤਰ 'ਤੇ ਕਾਰਵਾਈ ਕਰਨਾ ਕਾਨੂੰਨ ਦੇ ਹਿਸਾਬ ਨਾਲ ਗ਼ਲਤ ਹੈ | ਜੱਜ ਨੇ ਕਿਹਾ ਕਿ ਜਾਂਚ ਏਜੰਸੀ ਦੀ ਸ਼ਿਕਾਇਤ ਕਿਸੇ ਨਿੱਜੀ ਵਿਅਕਤੀ (ਸੁਬਰਾਮਨਿਅਮ ਸਵਾਮੀ) ਦੀ ਸ਼ਿਕਾਇਤ ਦੇ ਆਧਾਰ 'ਤੇ ਸੀ, ਨਾ ਕਿ ਕਿਸੇ ਐਫ਼. ਆਈ. ਆਰ. 'ਤੇ, ਜੋ ਕਿਸੇ ਜੁਰਮ ਨਾਲ ਜੁੜੀ ਹੋਵੇ |
ਨੈਸ਼ਨਲ ਹੇਰਾਲਡ ਮਾਮਲੇ 'ਚ ਅਦਾਲਤ ਦੇ ਫ਼ੈਸਲੇ ਨਾਲ ਬਦਲਾਖੋਰੀ ਦੀ ਰਾਜਨੀਤੀ ਦਾ ਪਰਦਾਫ਼ਾਸ਼ ਹੋਇਆ-ਕਾਂਗਰਸ
ਅਜੀਤ ਡੈਸਕ
18-12-2025