ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਲੋਕ ਰਾਬਤਾ ਬਣਾਉਣ ਲਈ ਬਣੇਗਾ ਨਵਾਂ ਫ਼ਾਰਮੂਲਾ
ਚੰਡੀਗੜ੍ਹ, 20 ਦਸੰਬਰ (ਵਿਕਰਮਜੀਤ ਸਿੰਘ ਮਾਨ)-ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਭਾਜਪਾ ਹੱਥ ਲੱਗੀ ਨਿਰਾਸ਼ਾ ਤੋਂ ਬਾਅਦ ਹੁਣ ਭਾਜਪਾ ਪੰਜਾਬ ਨੂੰ ਲੈ ਕੇ ਵੱਖਰੀ ਰਣਨੀਤੀ ਬਣਾਉਣ ਦੀ ਤਿਆਰੀ ਵਿਚ ਲੱਗ ਗਈ ਦੱਸੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਆਉਂਦੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ ਨੂੰ ਫ਼ਤਿਹ ਕਰਨ ਲਈ ਵੱਖੋ-ਵੱਖਰੀਆਂ ਰਣਨੀਤੀਆਂ ਉੱਤੇ ਕੰਮ ਕਰ ਰਹੀ ਹੈ ਪਰ ਫ਼ਿਲਹਾਲ ਨੀਤੀ ਪੰਜਾਬ 'ਚ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਉਮੀਦ ਅਨੁਸਾਰ ਪੰਜਾਬ 'ਚੋਂ ਨਤੀਜੇ ਨਾ ਆਉਣ ਦੇ ਚੱਲਦੇ ਹੁਣ ਰਣਨੀਤੀ ਬਣਾਉਣ ਉੱਤੇ ਵਿਚਾਰ ਚੱਲ ਰਹੀ ਹੈ | ਭਾਜਪਾ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਕੁਝ ਹੋਰ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਨੇ ਰਾਏ ਦਿੱਤੀ ਹੈ ਕਿ ਜਦੋਂ ਤੱਕ ਪਾਰਟੀ ਪੰਜਾਬ ਦੇ ਸੁਭਾਅ ਅਨੁਸਾਰ ਅਤੇ ਇੱਥੋਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਆਪਣੀ ਨੀਤੀ ਸਪਸ਼ਟ ਨਹੀਂ ਕਰਦੀ, ਉੱਥੋਂ ਤੱਕ ਪੰਜਾਬ ਵਿਚੋਂ ਪਾਰਟੀ ਨੂੰ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਘੱਟ ਹੀ ਹੋਵੇਗੀ | ਇਸਦੇ ਚੱਲਦੇ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਨੂੰ ਲੈ ਕੇ ਹੋਰ ਰਣਨੀਤੀ ਬਣਾਉਣ ਦਾ ਭਰੋਸਾ ਦੇ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵਲੋਂ ਬਣਾਏ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਵਿੰਗ ਵੀ ਹੁਣ ਮੈਦਾਨ ਵਿਚ ਉੱਤਰਨਗੇ ਅਤੇ ਪਾਰਟੀ ਵਲੋਂ ਆਉਣ ਵਾਲੇ ਨਵੀਂ ਰਣਨੀਤੀ ਦੇ ਨਿਰਦੇਸ਼ਾਂ ਮਗਰੋਂ ਆਪੋ-ਆਪਣੇ ਖੇਤਰ ਵਿਚ ਲੋਕ ਰਾਬਤਾ ਵਧਾਉਣਗੇ | ਦੂਜੇ ਪਾਸੇ ਪਾਰਟੀ ਨੌਜਵਾਨਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਵੀ ਵਿਸ਼ੇਸ਼ ਨੀਤੀ ਬਣਾਏਗੀ, ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨ ਵੋਟਰਾਂ ਦੀ ਸਪੋਰਟ ਪਾਰਟੀ ਨੂੰ ਮਿਲ ਸਕੇ |
ਭਾਜਪਾ ਹੀ ਕਰ ਸਕਦੀ ਹੈ ਪੰਜਾਬ ਦਾ ਹਰ ਮਸਲਾ ਹੱਲ-ਜਾਖੜ
ਉੱਧਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹ ਪੂਰੇ ਕਰਨ 'ਚ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰਵਾਦ ਸਿਖ਼ਰਾਂ 'ਤੇ ਹੈ, ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ, ਭਿ੍ਸ਼ਟਾਚਾਰ ਨੂੰ ਕੋਈ ਰੋਕਣ ਵਾਲਾ ਨਹੀਂ, ਨਸ਼ੇ ਖ਼ਤਮ ਨਹੀਂ ਹੋ ਸਕੇ ਇਸ ਲਈ ਇੰਨਾ ਸਾਰਿਆਂ ਮੁੱਦਿਆਂ ਦਾ ਹੱਲ ਭਾਜਪਾ ਹੀ ਕਰ ਸਕਦੀ ਹੈ |
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜਿਆਂ ਮਗਰੋਂ ਪੰਜਾਬ ਭਾਜਪਾ ਵਲੋਂ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ <br/>
ਅਜੀਤ ਡੈਸਕ
21-12-2025