ਚੰਡੀਗੜ੍ਹ, 21 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਬਾਲ ਭਿੱਖਿਆ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਗਾਤਾਰ ਦਿ੍ੜ੍ਹ ਅਤੇ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ | ਇਸ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿਚ ਖੇਤਰੀ ਸਮਾਜਿਕ ਸੁਰੱਖਿਆ ਟੀਮ ਵਲੋਂ ਬੀਤੇ ਤਿੰਨ ਦਿਨਾਂ ਦੌਰਾਨ 31 ਭੀਖ ਮੰਗਦੇ ਬੱਚਿਆਂ ਨੂੰ ਰੈਸਕਿਓ ਕੀਤਾ ਗਿਆ ਹੈ, ਜੋ ਜੀਵਨਜੋਤ ਮੁਹਿੰਮ ਦੀ ਵੱਡੀ ਸਫ਼ਲਤਾ ਹੈ | ਉਨ੍ਹਾਂ ਨੇ ਦੱਸਿਆ ਕਿ 17 ਅਗਸਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਮੋਹਾਲੀ ਵਿਚੋਂ ਕੁੱਲ 68 ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ ਹੈ, ਜਿਸ ਨਾਲ ਮੋਹਾਲੀ ਸੂਬੇ ਭਰ ਵਿਚੋਂ ਸਭ ਤੋਂ ਵੱਧ ਭੀਖ ਮੰਗਦੇ ਬੱਚਿਆਂ ਨੂੰ ਰੈਸਕਿਓ ਕਰਨ ਵਾਲਾ ਜ਼ਿਲ੍ਹਾ ਬਣ ਕੇ ਸਾਹਮਣੇ ਆਇਆ ਹੈ | ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕਮੇਟੀ ਵਲੋਂ ਦਸਤਾਵੇਜ਼ਾਂ ਦੀ ਜਾਂਚ ਉਪਰੰਤ 3 ਬੱਚਿਆਂ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਦਕਿ ਬਾਕੀ 28 ਬੱਚਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਣ ਤੱਕ ਇਨ੍ਹਾਂ ਨੂੰ ਬਾਲ ਘਰਾਂ ਵਿਚ ਰੱਖਿਆ ਗਿਆ ਹੈ |