ਚੰਡੀਗੜ੍ਹ, 21 ਦਸੰਬਰ (ਅਜੀਤ ਬਿਊਰੋ)-ਵਿੱਤ ਵਿਭਾਗ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸਾਲ 2025 ਮਜ਼ਬੂਤ ਵਿੱਤੀ ਪ੍ਰਬੰਧਨ, ਮਜ਼ਬੂਤ ਬੁਨਿਆਦੀ ਢਾਂਚਾ ਨਿਵੇਸ਼ ਅਤੇ ਕ੍ਰਾਂਤੀਕਾਰੀ ਡਿਜੀਟਲ ਸੁਧਾਰਾਂ ਵਾਲਾ ਸਾਲ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਹੁਣ ਸਿਰਫ਼ 'ਫੰਡ ਵੰਡਣ ਵਾਲਾ' ਵਿਭਾਗ ਨਹੀਂ ਰਿਹਾ, ਸਗੋਂ 'ਨਵੀਨਤਾ (ਇਨੋਵੇਸ਼ਨ) ਦਾ ਸੰਚਾਲਕ' ਬਣ ਗਿਆ ਹੈ | ਪੰਜਾਬ ਸਰਕਾਰ ਦੀ 'ਲੋਕ-ਪੱਖੀ' ਪਹੁੰਚ 'ਤੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਖਜ਼ਾਨੇ ਦੀ ਵਰਤੋਂ ਹਮੇਸ਼ਾ ਆਮ ਲੋਕਾਂ ਦੀ ਸੇਵਾ ਤੇ ਭਲਾਈ ਲਈ ਹੋਵੇ | ਉਨ੍ਹਾਂ ਕਿਹਾ ਕਿ ਚਾਹੇ ਹੜ੍ਹਾਂ ਕਾਰਨ ਫ਼ਸਲਾਂ ਦੇ ਖ਼ਰਾਬੇ ਲਈ ਕਿਸਾਨਾਂ ਨੂੰ ਦਿੱਤੇ ਗਏ 968 ਕਰੋੜ ਰੁਪਏ ਦਾ ਸਵਾਲ ਹੋਵੇ ਜਾਂ ਫਿਰ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ (ਪੀ.ਐਸ.ਸੀ.ਐਫ.ਸੀ) ਦੇ ਕਰਜ਼ਾ ਮੁਆਫੀ ਪ੍ਰੋਗਰਾਮ ਅਧੀਨ 4,650 ਲਾਭਪਾਤਰੀਆਂ ਦੀ ਕਰਜ਼ਾ ਮੁਆਫ਼ੀ ਦਾ ਮਾਮਲਾ, 'ਆਪ' ਸਰਕਾਰ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ |
ਵਿੱਤੀ ਸੂਝ-ਬੂਝ ਤੇ ਡਿਜੀਟਲ ਇਨੋਵੇਸ਼ਨ ਨਾਲ 'ਰੰਗਲਾ ਪੰਜਾਬ' ਵਿਜ਼ਨ ਨੂੰ ਮਿਲਿਆ ਹੁਲਾਰਾ-ਹਰਪਾਲ ਸਿੰਘ ਚੀਮਾ <br/>
ਅਜੀਤ ਡੈਸਕ
22-12-2025