ਧੂਰੀ (ਸੰਗਰੂਰ), 21 ਦਸੰਬਰ (ਲਖਵੀਰ ਸਿੰਘ ਧਾਂਦਰਾ/ਸੰਜੇ ਲਹਿਰੀ)-ਧੂਰੀ ਦੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਮੁਲਾਕਾਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਾਕਟਰ ਅਤੇ ਇੰਜੀਨੀਅਰ ਬਣਾ ਕੇ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ, ਉੱਥੇ ਅਕਾਲੀ ਦਲ ਸੂਬੇ ਨੂੰ ਡਾਇਨਾਸੌਰ ਯੁੱਗ ਵਿਚ ਵਾਪਸ ਖਿੱਚਣ 'ਤੇ ਤੁਲਿਆ ਹੋਇਆ ਹੈ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਡਾਕਟਰ ਅਤੇ ਇੰਜੀਨੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਸਫ਼ਲ ਹੋ ਸਕਣ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਹਾਲ ਹੀ ਵਿਚ ਹੋਈਆਂ ਮੈਗਾ ਅਧਿਆਪਕ-ਮਾਪੇ ਮਿਲਣੀਆਂ ਵਿਚ 23.3 ਲੱਖ ਮਾਪਿਆਂ ਦੀ ਸ਼ਮੂਲੀਅਤ ਵਧੀਆ ਸੰਕੇਤ ਹੈ, ਜੋ ਪੰਜਾਬ ਦੇ ਉੱਜਵਲ ਭਵਿੱਖ ਨੂੰ ਦਰਸਾਉਂਦੀ ਹੈ | ਨਿਊਜ਼ੀਲੈਂਡ ਵਿਚ ਨਗਰ ਕੀਰਤਨ ਦੇ ਵਿਰੋਧ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਨਿਊਜ਼ੀਲੈਂਡ ਇਕ ਪੜਿ੍ਹਆ-ਲਿਖਿਆ ਦੇਸ਼ ਹੈ ਪਰ ਪਰਵਾਸ ਦਾ ਮੁੱਦਾ ਵਿਸ਼ਵਵਿਆਪੀ ਚਿੰਤਾ ਬਣ ਗਿਆ ਹੈ | ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਦੁਹਰਾਈ | ਇਸ ਦੌਰਾਨ ਮੁੱਖ ਮੰਤਰੀ ਨੇ ਧੂਰੀ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਮੁੱਖ ਮੰਤਰੀ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਅਤੇ ਕੋਈ ਸ਼ਿਕਾਇਤ ਨਾ ਹੋਵੇ | ਇਸ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਪੰਜਾਬ, ਡਾ. ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, 'ਆਪ' ਆਗੂ ਸਤਿੰਦਰ ਸਿੰਘ ਚੱਠਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਛਪਾਲ ਸਿੰਘ ਭੁੱਲਰਹੇੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਮੀਤ ਕੌਰ ਚਹਿਲ, ਗਗਨ ਜਵੰਧਾ ਭਸੋੜ ਪ੍ਰਧਾਨ ਟਰੱਕ ਯੂਨੀਅਨ ਧੂਰੀ, ਰਣਜੋਧ ਸਿੰਘ ਕਾਂਝਲਾ ਮੈਂਬਰ ਬਲਾਕ ਸੰਮਤੀ, ਤੀਰਥ ਸਿੰਘ ਗਿੱਲ ਬਲਾਕ ਪ੍ਰਧਾਨ, ਅਮਰੀਕ ਸਿੰਘ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ, ਦਰਸ਼ਨ ਸਿੰਘ ਪਾਠਕ, ਐਡਵੋਕੇਟ ਹੈਪੀ ਗਰਗ, ਜਗਸੀਰ ਸਿੰਘ ਜੱਗਾ ਭੋਜੋਵਾਲੀ ਪ੍ਰਧਾਨ ਪੰਚਾਇਤ ਯੂਨੀਅਨ ਧੂਰੀ, ਅਮਰਦੀਪ ਸਿੰਘ ਧਾਂਦਰਾ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ |
ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ- ਭਗਵੰਤ ਮਾਨ
ਅਜੀਤ ਡੈਸਕ
22-12-2025