ਘੁਮਾਣ (ਗੁਰਦਾਸਪੁਰ), 21 ਦਸੰਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਜੋਚੱਕ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਸਿੰਘ ਚੀਮਾ ਦੇ ਘਰ ਦੇ ਗੇਟ 'ਤੇ ਗੋਲੀਆਂ ਮਾਰੀਆਂ ਗਈਆਂ | ਇਸ ਸਬੰਧੀ ਜਤਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਵਿਦੇਸ਼ੀ ਨੰਬਰਾਂ ਤੋਂ ਸਾਡੇ ਘਰ ਦੇ ਵੱਖ-ਵੱਖ ਫੋਨਾਂ 'ਤੇ ਫੋਨ ਕਰ ਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਸਬੰਧੀ ਥਾਣਾ ਘੁਮਾਣ ਵਿਖੇ ਦਰਖਾਸਤਾਂ ਵੀ ਦਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਬੀਤੀ ਰਾਤ 10:30 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਮੇਰੇ ਘਰ ਦੇ ਗੇਟ 'ਤੇ 8 ਗੋਲੀਆਂ ਮਾਰੀਆਂ ਗਈਆਂ | ਜਦ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਦੇਖਿਆ ਕਿ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ | ਘਟਨਾ ਤੋਂ ਬਾਅਦ ਜਿਥੇ ਥਾਣਾ ਘੁਮਾਣ ਅਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਮੌਕੇ 'ਤੇ ਪਹੁੰਚੀ, ਉੱਥੇ ਨਾਲ ਹੀ ਬਟਾਲਾ ਤੋਂ ਸੀ.ਆਈ.ਏ. ਸਟਾਫ ਦੇ ਮੁਖੀ ਸੁਖਰਾਜ ਸਿੰਘ ਵਲੋਂ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਦੌਰਾਨ ਹਲਕਾ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਤੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਨੇ ਕਿਹਾ ਕਿ ਜੇਕਰ ਪੁਲਿਸ ਨੇ ਜਲਦ ਗੋਲੀਆਂ ਚਲਾਉਣ ਵਾਲੇ ਲੋਕਾਂ ਦੀ ਗਿ੍ਫਤਾਰੀ ਨਾ ਕੀਤੀ ਤਾਂ ਘੁਮਾਣ ਚੌਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ |
ਕਾਂਗਰਸੀ ਆਗੂ ਦੇ ਘਰ ਦੇ ਗੇਟ 'ਤੇ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ <br/>
ਕਾਂਗਰਸੀ ਆਗੂ ਜਤਿੰਦਰ ਸਿੰਘ ਚੀਮਾ ਘਰ ਦੇ ਗੇਟ 'ਤੇ ਚੱਲੀਆਂ ਗੋਲੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਤੇ ਹਾਸ਼ੀਏ 'ਚ ਖਾਲੀ ਖੋਲ | ਤਸਵੀਰਾਂ : ਬੰਮਰਾਹ<br/>
22-12-2025