ਅੰਮਿ੍ਤਸਰ, 23 ਦਸੰਬਰ (ਸੁਰਿੰਦਰ ਕੋਛੜ)-ਤੋਸ਼ਾਖ਼ਾਨਾ-2 ਮਾਮਲੇ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਅੱਜ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਉਕਤ ਜੋੜੇ ਦੀ ਪੰਜ ਮਾਮਲਿਆਂ 'ਚ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਅਗਲੀ ਸੁਣਵਾਈ ਭਾਵ 27 ਜਨਵਰੀ ਤੱਕ ਅੰਤਰਿਮ ਰਾਹਤ ਮਿਲ ਗਈ ਹੈ | ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਲਗਭਗ 60 ਕੇਸ ਚੱਲ ਰਹੇ ਹਨ, ਜਿਨ੍ਹਾਂ 'ਚ 9 ਮਈ ਦੀ ਹਿੰਸਾ ਨਾਲ ਜੁੜੇ ਮਾਮਲੇ ਵੀ ਸ਼ਾਮਿਲ ਹਨ | ਨਾਲ ਹੀ ਉਨ੍ਹਾਂ 'ਤੇ ਕਤਲ ਦੀ ਕੋਸ਼ਿਸ਼, ਜਾਅਲੀ ਰਸੀਦਾਂ ਜਮ੍ਹਾਂ ਕਰਵਾਉਣ ਅਤੇ ਹੋਰ ਸੰਬੰਧਿਤ ਦੋਸ਼ ਵੀ ਲਗਾਏ ਗਏ ਹਨ | ਬੁਸ਼ਰਾ ਬੀਬੀ ਵਿਰੁੱਧ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ 'ਤੇ ਜਾਅਲੀ ਰਸੀਦਾਂ ਜਮ੍ਹਾਂ ਕਰਵਾਉਣ ਦਾ ਦੋਸ਼ ਲਗਾਇਆ ਗਿਆ ਹੈ | ਅੰਤਰਿਮ ਰਾਹਤ ਦੇ ਨਾਲ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਦੋਵਾਂ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ | ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਦੀ ਜ਼ਮਾਨਤ ਨੂੰ ਵੀ ਵਧਾ ਦਿੱਤਾ, ਜਿਸ ਨਾਲ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਲੰਬਿਤ ਰਹਿਣ ਕਾਰਨ ਅਸਥਾਈ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ | ਅਦਾਲਤ ਨੇ ਇਮਰਾਨ ਖ਼ਾਨ ਨੂੰ ਅਗਲੀ ਸੁਣਵਾਈ 'ਤੇ ਵਿਅਕਤੀਗਤ ਤੌਰ 'ਤੇ ਜਾਂ ਵੀਡੀਓ ਲਿੰਕ ਰਾਹੀਂ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ |
ਸੈਸ਼ਨ ਅਦਾਲਤ ਨੇ ਪੰਜ ਮਾਮਲਿਆਂ 'ਚ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀ ਗਿ੍ਫ਼ਤਾਰੀ 'ਤੇ ਲਗਾਈ ਰੋਕ <br/>
ਅਜੀਤ ਡੈਸਕ
24-12-2025