ਪਟਿਆਲਾ, 23 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਜਾਰੀ ਆਦੇਸ਼ ਵਿਚ ਪਾਵਰਕਾਮ ਦੇ ਸੀ.ਐਮ.ਡੀ.-ਕਮ-ਮੈਨੇਜਿੰਗ ਡਾਇਰੈਕਟਰ ਦੀ ਆਸਾਮੀ ਦੇ ਲਈ ਤੈਅ ਨਿਯਮਾਂ 'ਚ ਬਦਲਾਅ ਕਰ ਦਿੱਤਾ ਗਿਆ | ਸੋਮਵਾਰ ਨੂੰ ਜਾਰੀ ਕੀਤੇ ਪੱਤਰ 'ਚ ਹੁਣ ਇਸ ਅਹੁਦੇ ਲਈ ਪ੍ਰਮੁੱਖ ਸਕੱਤਰ ਦੇ ਨਾਲ-ਨਾਲ ਸਕੱਤਰ ਪਦ ਦਾ ਆਈ.ਏ.ਐਸ. ਅਧਿਕਾਰੀ ਵੀ ਸੀ.ਐਮ.ਡੀ. ਲੱਗਣ ਦੇ ਯੋਗ ਹੋਵੇਗਾ | ਪਾਵਰਕਾਮ ਵਰਗੇ ਅਦਾਰੇ ਲਈ ਜਿੱਥੇ ਸੀ.ਐਮ.ਡੀ. ਦਾ ਤਕਨੀਕੀ ਹੋਣਾ ਜ਼ਰੂਰੀ ਹੁੰਦਾ ਹੈ ਉੱਥੇ ਹੀ ਵਿਭਾਗ ਦੇ ਅਹਿਮ ਫ਼ੈਸਲੇ ਅਤੇ ਤਕਨੀਕੀ ਜਾਣਕਾਰੀ ਹੋਣੀ ਝੋਨੇ ਦੇ ਸੀਜ਼ਨ ਸਮੇਤ ਹੋਰ ਅਹਿਮ ਫ਼ੈਸਲਿਆਂ 'ਚ ਸਹਾਈ ਹੁੰਦੀ ਹੈ ਉੱਥੇ ਹੀ ਦੂਜੇ ਪਾਸੇ ਉਸ ਦਾ ਆਪਣੇ ਹੇਠਲੇ ਅਤੇ ਉੱਪਰਲੇ ਅਧਿਕਾਰੀਆਂ ਨਾਲ ਤਾਲਮੇਲ ਬਣਿਆ ਰਹਿੰਦਾ ਹੈ | ਦੱਸਣਯੋਗ ਹੈ ਕਿ ਫਰਵਰੀ 2025 'ਚ ਸੀ.ਐਮ.ਡੀ. ਵਜੋਂ ਸੇਵਾ ਮੁਕਤ ਹੋਏ ਬਲਦੇਵ ਸਿੰਘ ਸਰ੍ਹਾਂ ਤੋਂ ਬਾਅਦ ਪਾਵਰਕਾਮ ਦਾ ਕਾਰਜਭਾਰ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ ਨੂੰ ਦਿੱਤਾ ਗਿਆ ਸੀ ਪਰੰਤੂ ਦੋ ਮਹੀਨੇ ਪਹਿਲਾਂ ਉਕਤ ਵਿਭਾਗ ਦਾ ਚਾਰਜ ਖੋਹ ਕੇ ਅਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਪਾਵਰਕਾਮ ਦਾ ਸੀ.ਐਮ.ਡੀ. ਸਕੱਤਰ ਰੈਂਕ ਦੇ ਅਧਿਕਾਰੀ ਬਸੰਤ ਗਰਗ ਨੂੰ ਸੌਂਪ ਦਿੱਤਾ ਸੀ | ਜਿਸ ਨੂੰ ਇੰਜੀਨੀਅਰਾਂ ਦੇ ਵਲੋਂ ਅਦਾਲਤ 'ਚ ਚੁਣੌਤੀ ਦਿੱਤੀ ਗਈ ਸੀ | ਇਸ ਸੰਬੰਧੀ ਅਦਾਲਤ ਵਲੋਂ ਜਿੱਥੇ 20 ਨਵੰਬਰ ਨੂੰ ਸੂਬਾ ਸਰਕਾਰ ਦੇ ਮੁੱਖ ਸਕੱਤਰ ਨੂੰ ਸੀ.ਐਮ.ਡੀ. ਦੀ ਆਸਾਮੀ ਆਈ.ਏ.ਐਸ. ਅਧਿਕਾਰੀ ਲਈ ਹੈ? ਬਾਰੇ ਐਫੀਡੇਵਿਟ ਮੰਗਿਆ ਸੀ ਉੱਥੇ ਹੀ ਨਾਲ ਇਹ ਵੀ ਪੁੱਛਿਆ ਸੀ ਕਿ ਜੇਕਰ ਪਾਵਰਕਾਮ ਖ਼ੁਦਮੁਖ਼ਤਿਆਰ ਅਦਾਰਾ ਹੈ ਤਾਂ ਕਿਨ੍ਹਾਂ ਨਿਯਮਾਂ ਹੇਠ ਇਕ ਆਈ.ਏ.ਐਸ. ਅਧਿਕਾਰੀ ਨੂੰ ਸੀ.ਐਮ.ਡੀ. ਲਗਾਇਆ ਗਿਆ ਹੈ, ਬਾਰੇ ਜਵਾਬ ਮੰਗਿਆ ਸੀ | ਸੂਤਰਾਂ ਅਨੁਸਾਰ ਜਿਸ 'ਤੇ ਸਰਕਾਰ ਵਲੋਂ ਜਵਾਬ ਦੇਣ ਤੋਂ ਪਹਿਲਾਂ ਹੀ ਨਵਾਂ ਨੋਟੀਫ਼ਿਕੇਸ਼ਨ ਬੀਤੇ ਸੋਮਵਾਰ ਨੂੰ ਜਾਰੀ ਕਰ ਦਿੱਤਾ ਜਿਸ 'ਚ ਜਿਹੜੀਆਂ ਸ਼ਰਤਾਂ ਪਹਿਲਾਂ ਸਮੇਂ ਪਾਵਰਕਾਮ ਦਾ ਸੀ.ਐਮ.ਡੀ. ਲੱਗਣ ਲਈ ਸਨ ਉਸ 'ਚ ਕੁੱਝ ਨਵੀਆਂ ਸ਼ਰਤਾਂ ਜੋੜ ਕੇ ਇਕ ਸਕੱਤਰ ਪੱਧਰ ਦੇ ਆਈ.ਏ.ਐਸ. ਅਧਿਕਾਰੀ ਨੂੰ ਸੀ.ਐਮ.ਡੀ. ਲੱਗਣ ਦੇ ਯੋਗ ਬਣਾ ਦਿੱਤਾ ਗਿਆ |