ਨਿਹਾਲ ਸਿੰਘ ਵਾਲਾ, 6 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਪਿੰਡ ਹਿੰਮਤਪੁਰਾ ਵਿਖੇ ਦਸਮੇਸ਼ ਨਗਰ 'ਚ ਸ਼ਰਾਬ ਦੇ ਠੇਕੇ ਦੀ ਖੋਲੀ ਗਈ ਨਜਾਇਜ਼ ਬਰਾਂਚ ਚੁਕਵਾਉਣ ਲਈ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਬਣਾਈ ਕਮੇਟੀ ਵਲੋਂ 8 ਸਤੰਬਰ ਨੂੰ ਐਸ. ਡੀ. ਐਮ. ਦਫਤਰ ਨਿਹਾਲ ਸਿੰਘ ਵਾਲਾ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ | ਕਮੇਟੀ ਕਨਵੀਨਰ ਬਲਵੀਰ ਕੌਰ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਦੀ ਬਰਾਂਚ ਚੁਕਵਾਉਣ ਲਈ ਸਾਰੇ ਪਿੰਡ 'ਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ | ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਆਪ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਨਾਟਕੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਪਾਜ ਉਧੇੜਿਆ ਜਾਵੇਗਾ | ਸੋਨੀ ਅਤੇ ਹਰਮਨ ਹਿੰਮਤਪੁਰਾ ਨੇ ਕਿਹਾ ਸਥਾਨਕ ਪ੍ਰਸ਼ਾਸਨ ਵੀ ਠੇਕੇਦਾਰ ਦੀ ਪਿੱਠ 'ਤੇ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਹਿਤਾਂ ਦੀ ਗੱਲ ਕਰਨ ਵਾਲੀ ਪਾਰਟੀ ਨੇ ਨਸ਼ਿਆਂ ਦਾ ਵਿਰੋਧ ਕਰ ਰਹੇ ਕਿਰਤੀ ਲੋਕਾਂ ਨੂੰ ਥਾਣਾ ਦਿਖਾ ਦਿੱਤਾ ਹੈ | ਇਸ ਮੌਕੇ ਪ੍ਰਧਾਨ ਜੰਗੀਰ ਸਿੰਘ, ਕਰਮਜੀਤ ਕੌਰ ਹਿੰਮਤਪੁਰਾ, ਖਜ਼ਾਨਚੀ ਮੱਘਰ ਸਿੰਘ, ਮਲਕੀਤ ਸਿੰਘ, ਸਾਧਾ ਸਿੰਘ, ਰੇਸ਼ਮ ਸਿੰਘ, ਛਿੰਦਰ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |