ਫਤਿਹਗੜ੍ਹ ਪੰਜਤੂਰ, 6 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋ ਗਿਆ ਹੈ ਫਿਰ ਵੀ ਸਰਕਾਰ ਦੁਆਰਾ ਰਾਹਤ ਕਾਰਜ ਜਾਰੀ ਹਨ ਜਿਸ ਸਬੰਧੀ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਕਈ ਦਿਨਾਂ ਤੋਂ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਉੱਪਰ ਆਪਣੀਆਂ ਟੀਮਾਂ ਦੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਹਰੇਕ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸਮੇਂ ਸਮੇਂ 'ਤੇ ਵੀ ਹਲਕਾ ਵਿਧਾਇਕ ਪੰਜਾਬ ਸਰਕਾਰ ਦੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ | ਉਨ੍ਹਾਂ ਧੁੱਸੀ ਬੰਨ੍ਹ ਦੇ ਵੱਖ ਵੱਖ ਪੁਆਇੰਟਾਂ 'ਤੇ ਜਾ ਕੇ ਪਿੰਡਾਂ ਵਾਲਿਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਹੜ੍ਹਾਂ ਦੀ ਮਾਰ ਹੇਠ ਪਿੰਡ ਬੰਡਾਲਾ, ਮਦਾਰਪੁਰ ਅਤੇ ਸੰਘੇੜਾ ਵਿਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਹੜ੍ਹ ਪੀੜਤਾਂ ਹਾਲ ਜਾਣ ਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਸਰਕਾਰ ਦੁਆਰਾ ਤਿੰਨ ਰਾਹਤ ਕੈਂਪ ਬਣਾਏ ਗਏ ਹਨ ਜਿਸ ਵਿਚ ਰਹਾਇਸ਼, ਪਾਣੀ, ਹਰਾ ਚਾਰਾ, ਫੀਡ, ਤਿੰਨ ਟਾਈਮ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਬੰਨ੍ਹ ਦੀ ਕਮਜ਼ੋਰ ਜਗ੍ਹਾ ਉੱਪਰ ਮਿੱਟੀ ਪਾਈ ਜਾ ਰਹੀ ਹੈ | ਇਸ ਮੌਕੇ ਜਸਵੰਤ ਸਿੰਘ ਜੱਸ ਅਲਾਬਾਦ, ਸਰਪੰਚ ਰਾਜਵੀਰ ਸਿੰਘ ਕੰਗ ਕਿਲੀ ਗਾਂਧਰਾ, ਅਮਰਿੰਦਰ ਸਿੰਘ ਅਮਨ ਕਾਦਰਵਾਲਾ, ਹਰਜੀਤ ਸਿੰਘ ਥਿੰਦ ਆੜ੍ਹਤੀਆ, ਹਰਪਾਲ ਸਿੰਘ ਢਿੱਲੋਂ ਸ਼ਾਹਵਾਲਾ, ਮਨਵੀਰ ਸਿੰਘ ਸੰਧੂ ਮੁੰਡੀ ਜਮਾਲ, ਪੀ.ਏ. ਭੁਪਿੰਦਰ ਸਿੰਘ ਭਿੰਦਾ ਆਦਿ ਹਾਜ਼ਰ ਸਨ |