ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-'ਆਪ' ਦੀ ਦਿੱਲੀ ਹਾਈਕਮਾਨ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਮਹਿਲਾ ਵਿੰਗ ਰਿੰਪੀ ਗਰੇਵਾਲ ਅਤੇ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਹਰਮਨਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਮਹੀਨਿਆਂ ਲਈ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਰਿੰਪੀ ਗਰੇਵਾਲ ਪਿਛਲੇ ਲੰਮੇ ਸਮੇਂ ਤੋਂ 'ਆਪ' ਦੇ ਪੁਰਾਣੇ ਵਰਕਰਾਂ ਨੂੰ ਪਾਰਟੀ ਵਲੋਂ ਨਜ਼ਰ-ਅੰਦਾਜ਼ ਕਰਨ ਦੇ ਦੋਸ਼ ਲਗਾ ਰਹੇ ਸਨ | ਜ਼ਿਕਰਯੋਗ ਹੈ ਕਿ ਰਿੰਪੀ ਗਰੇਵਾਲ ਜ਼ਿਲ੍ਹਾ ਮੋਗਾ ਵਿਚ 'ਆਪ' ਦਾ ਮੁੱਢ ਬੰਨ੍ਹਣ ਵਾਲੇ ਲਾਰਜ ਸਕੇਲ ਇੰਡਸਟਰੀ ਕਾਰਪੋਰੇਸ਼ਨ ਦੇ ਡਾਇਰੈਕਟਰ ਅਜੇ ਸ਼ਰਮਾ ਦੀ ਧਰਮ-ਪਤਨੀ ਹੈ | ਦੂਸਰੇ ਪਾਸੇ ਮੁਅੱਤਲ ਕੀਤੇ ਗਏ ਹਰਮਨਜੀਤ ਸਿੰਘ ਬਰਾੜ ਨੇ ਪਿਛਲੇ ਮਹੀਨਿਆਂ ਵਿਚ ਪੰਜਾਬ ਸਰਕਾਰ ਵਲੋਂ ਅਪਣਾਈ ਗਈ ਲੈਂਡ ਪੂਿਲੰਗ ਦੀ ਨੀਤੀ ਖ਼ਿਲਾਫ਼ ਕਿਸਾਨਾਂ ਨਾਲ ਖੜ੍ਹੇ ਹੋ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਈ ਸੀ ਤੇ ਉਨ੍ਹਾਂ ਨੇ ਜ਼ਿਲ੍ਹਾ ਯੋਜਨਾ ਪਲੈਨਿੰਗ ਬੋਰਡ ਦੀ ਚੇਅਰਮੈਨੀ ਨੂੰ ਠੁਕਰਾ ਕੇ ਅਸਤੀਫ਼ਾ ਦੇ ਦਿੱਤਾ ਸੀ | ਹਰਮਨਜੀਤ ਸਿੰਘ ਬਰਾੜ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਫ਼ੋਨ ਲਗਾਇਆ ਪਰ ਉਨ੍ਹਾਂ ਫ਼ੋਨ ਨਹੀਂ ਉਠਾਇਆ | ਰਿੰਪੀ ਗਰੇਵਾਲ ਦਾ ਆਖਣਾ ਹੈ ਕਿ ਪਾਰਟੀ ਦਾ ਮੁੱਢ ਬੰਨ੍ਹਣ ਵਾਲੇ ਵਰਕਰਾਂ ਦੇ ਹੱਕ ਵਿਚ ਬੋਲਣ ਦਾ ਪਾਰਟੀ ਨੇ ਉਨ੍ਹਾਂ ਨੂੰ ਇਹ ਅੰਜਾਮ ਦਿੱਤਾ ਹੈ ਪਰ ਉਹ ਫਿਰ ਵੀ ਪਾਰਟੀ ਦੇ ਵਫ਼ਾਦਾਰ ਆਗੂ ਹਨ ਤੇ ਪਾਰਟੀ ਹਾਈਕਮਾਂਡ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ |