ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਦਾਇਆ ਕਲਾਂ ਦੇ ਕਿਸਾਨ ਦੇ ਘਰ ਮੂਹਰੇ ਗਲੀ ਤੇ ਨਾਲੀ ਨਾ ਬਣਾਉਣ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕੋਟ ਈਸੇ ਖਾਂ ਬੀ.ਡੀ.ਪੀ.ਓ. ਦਫ਼ਤਰ ਅੱਗੇ ਲੱਗੇ ਧਰਨੇ ਦੇ ਦੂਜੇ ਦਿਨ ਸੁਣਵਾਈ ਨਾ ਹੁੰਦੀ ਦੇਖ ਕੇ ਬੀ.ਡੀ.ਪੀ.ਓ. ਦਫ਼ਤਰ ਤੋਂ ਮੁੱਖ ਚੌਕ ਤੱਕ ਮਾਰਚ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਲਾਡੀ ਢੋਸ ਦਾ ਪੁਤਲਾ ਫੂਕਿਆ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਪੰਨੂ, ਦਰਸ਼ਨ ਸਿੰਘ, ਜਰਨੈਲ ਸਿੰਘ ਮੋਗਾ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸਾਹ ਵਾਲਾ ਨੇ ਕਿਹਾ ਕਿ ਦਾਇਆ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਦੀ ਨਾਲੀ ਬਣਾਉਣ ਦੇ ਮਸਲੇ 'ਤੇ ਕੱਲ੍ਹ ਸ਼ਾਮੀ ਬੀ.ਡੀ.ਪੀ.ਓ., ਡੀ.ਐਸ.ਪੀ. ਰਮਨਦੀਪ ਸਿੰਘ ਧਰਮਕੋਟ ਤੇ ਤਹਿਸੀਲਦਾਰ ਧਰਮਕੋਟ ਨੇ ਕਿਸਾਨ ਆਗੂਆਂ ਨਾਲ ਬੈਠਕ ਕਰਕੇ ਨਾਲੀ ਬਣਾਉਣ ਲਈ 24 ਤਰੀਕ ਨੂੰ ਪੰਚਾਇਤ ਸੈਕਟਰੀ ਦੀ ਡਿਊਟੀ ਲਾ ਦਿੱਤੀ, ਪੰਚਾਇਤ ਸੈਕਟਰੀ ਨੇ ਸਾਰਾ ਸਾਮਾਨ ਉੱਥੇ ਲਿਆ ਕੇ ਮਿਸਤਰੀ ਲਗਾ ਦਿੱਤਾ ਪਰ ਉੱਪਰੋਂ ਫ਼ੋਨ ਕਰਕੇ ਚੱਲਦਾ ਕੰਮ ਰੁਕਵਾ ਦਿੱਤਾ ਗਿਆ ਤੇ ਹੁਣ ਪ੍ਰਸ਼ਾਸਨ ਇਕ ਵਾਰ ਫਿਰ ਮੁਕਰ ਚੁੱਕਾ ਹੈ | ਇਸ ਲਈ ਕੱਲ੍ਹ ਕੀਤੇ ਐਲਾਨ ਮੁਤਾਬਿਕ 25 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਵਿਸ਼ਾਲ ਇਕੱਠ ਕਰਕੇ ਤਿੱਖਾ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੰਮ ਵਿਚ ਰੁਕਾਵਟ ਪਾਉਣ ਵਾਲੇ ਪਿੰਡ ਦਾਇਆ ਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਕਿਸਾਨ ਦਰਸ਼ਨ ਸਿੰਘ ਦੀ ਨਾਲੀ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਹਲਕਾ ਵਿਧਾਇਕ ਲਾਡੀ ਢੋਸ ਤੇ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜ਼ਿਲ੍ਹਾ ਆਗੂ ਗੁਰਭੇਜ ਸਿੰਘ ਸਾਹ ਵਾਲਾ, ਬਲਵੰਤ ਸਿੰਘ ਕਿਸ਼ਨਪੁਰਾ, ਬਲਦੇਵ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਸਰਵਨ ਸਿੰਘ ਸ਼ਾਹ ਵਾਲਾ, ਦਲੀਪ ਸਿੰਘ, ਸੁਖਦੇਵ ਸਿੰਘ ਦੇਵ ਮੋਗਾ, ਚਰਨ ਸਿੰਘ ਚੀਮਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ | ਦੂਜੇ ਪਾਸੇ ਬਲਾਕ ਬੀ.ਡੀ.ਪੀ.ਓ. ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਤੇ ਧਿਆਨ ਵਿਚ ਹੈ ਅਤੇ ਅਸੀਂ ਤਾਂ ਉੱਥੇ ਕੰਮ ਸ਼ੁਰੂ ਕਰਵਾਉਣਾ ਚਾਹੁੰਦੇ ਸੀ ਤੇ ਨਾ ਹੀ ਪ੍ਰਸ਼ਾਸਨ 'ਤੇ ਕੋਈ ਸਿਆਸੀ ਦਬਾਅ ਹੈ, ਪਰ ਉਸ ਜਗ੍ਹਾ ਦੇ ਮਾਮਲੇ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਕੇਸ ਹੋਏ ਦਾ ਪਤਾ ਚੱਲਿਆ ਹੈ ਤੇ ਇਸ ਲਈ ਕੇਸ ਹੋਣ ਕਰਕੇ ਅਸੀਂ ਦਖ਼ਲ ਅੰਦਾਜ਼ੀ ਨਹੀਂ ਕਰ ਸਕਦੇ | ਜਿਵੇਂ ਹੀ ਇਹ ਮਾਮਲਾ ਹੱਲ ਹੁੰਦਾ ਹੈ ਨਾਲ ਦੀ ਨਾਲ ਉੱਥੇ ਕੰਮ ਸ਼ੁਰੂ ਕਰਵਾਇਆ ਜਾਵੇਗਾ |