ਨਿਹਾਲ ਸਿੰਘ ਵਾਲਾ, 24 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਪੱਤੋ ਹੀਰਾ ਸਿੰਘ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ 'ਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ 'ਚ ਮੁੱਖ ਬੁਲਾਰੇ ਵਜੋਂ ਭੂਮਿਕਾ ਪਿ੍ੰਸੀਪਲ ਡਾ. ਇਕਬਾਲ ਸਿੰਘ ਸੰਧੂ ਵਲੋਂ ਨਿਭਾਈ ਗਈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਫਰੀਦ ਜੀ ਦੇ ਜੀਵਨ, ਉਨ੍ਹਾਂ ਦੇ ਜੀਵਨ ਦਾ ਫ਼ਲਸਫ਼ਾ, ਸਿੱਖਿਆਵਾਂ ਅਤੇ ਉਨ੍ਹਾਂ ਦੀ ਆਧੁਨਿਕ ਸਮੇਂ 'ਚ ਮਹੱਤਤਾ ਤੇ ਸਾਰਥਿਕਤਾ ਦੇ ਸੰਬੰਧ 'ਚ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਆਪਣੇ ਭਾਸ਼ਣ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਦੀ ਮਹੱਤਤਾ ਅਤੇ ਉਸ 'ਚ ਪੁਰਸ਼ਾਰਥ ਤੇ ਪਰਮਾਰਥ ਦੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨਾਲ ਖੁੱਲ੍ਹੀ ਗੱਲਬਾਤ ਕੀਤੀ | ਇਸ ਸਮੇਂ ਸਮੂਹ ਸਟਾਫ਼ ਅਤੇ ਵੱਡੀ ਗਿਣਤੀ 'ਚ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸੈਮੀਨਾਰ 'ਚ ਮੰਚ ਸੰਚਾਲਨ ਦੀ ਭੂਮਿਕਾ ਡਾ. ਬੇਅੰਤ ਕੌਰ ਵਲੋਂ ਨਿਭਾਈ ਗਈ |