ਨੱਥੂਵਾਲਾ ਗਰਬੀ, 24 ਸਤੰਬਰ (ਨਵਦੀਪ ਸਿੰਘ)-ਪਿਛਲੇ ਸਾਲਾਂ ਤੋਂ ਚੱਲ ਰਹੀ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਇਸ ਵਾਰ ਸਰਕਾਰਾਂ ਬੇਹੱਦ ਚਿੰਤਤ ਹਨ | ਇਸ ਸੰਬੰਧੀ ਖੇਤੀਬਾੜੀ ਵਿਭਾਗ ਵਲੋਂ ਜਿੱਥੇ ਵੱਖ-ਵੱਖ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਜਾਣੰੂ ਕਰਵਾਇਆ ਹੈ, ਉੱਥੇ ਬੇਅੰਤ ਸਿੰਘ ਸਿੱਧੂ ਐਸ.ਡੀ.ਐਮ. ਬਾਘਾ ਪੁਰਾਣਾ ਵੀ ਆਪਣੀ ਪੂਰੀ ਟੀਮ ਨਾਲ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਸੰਪਰਕ ਕਰ ਰਹੇ ਹਨ | ਇਸੇ ਦੌਰੇ ਦੌਰਾਨ ਉਨ੍ਹਾਂ ਨੇ ਪਿੰਡ ਲੰਗੇਆਣਾ ਕਲਾਂ, ਨੱਥੂਵਾਲਾ ਗਰਬੀ ਦੇ ਕਿਸਾਨ ਭਰਾਵਾਂ ਨਾਲ ਸਹਿਕਾਰੀ ਸਭਾਵਾਂ ਦੇ ਮੁੱਖ ਦਫ਼ਤਰਾਂ ਵਿਖੇ ਮੁਲਾਕਾਤ ਦੌਰਾਨ ਵਿਚਾਰ ਸਾਂਝੇ ਕੀਤੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਅਫ਼ਸਰ ਡਾ. ਨਵਦੀਪ ਸਿੰਘ ਜੌੜਾ ਤੇ ਕੰਵਰਦੀਪ ਸਿੰਘ ਮਾਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਾਘਾ ਪੁਰਾਣਾ, ਹਰਵਿੰਦਰ ਸਿੰਘ ਅਸਿਸਟੈਂਟ ਟੈਕਨਾਲੋਜੀ ਮੈਨੇਜਰ ਵੀ ਹਾਜ਼ਰ ਸਨ | ਇਸ ਦੌਰਾਨ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਕਿਸਾਨਾਂ ਨਾਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਸਾਂਝ ਪੁਆਉਂਦਿਆਂ ਭਾਈਚਾਰਕ ਤੌਰ 'ਤੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ | ਸਭਾ ਦੇ ਨੁਮਾਇੰਦਿਆਂ ਰਾਜਿੰਦਰ ਸਿੰਘ ਲੰਗੇਆਣਾ, ਰਘਬੀਰ ਸਿੰਘ ਨੱਥੂਵਾਲਾ ਗਰਬੀ ਨੇ ਸਭਾ ਵਿਚ ਮੌਜੂਦ ਸੰਦਾਂ ਦੀ ਜਾਣਕਾਰੀ ਦਿੱਤੀ | ਉਪ ਮੰਡਲ ਮੈਜਿਸਟਰੇਟ ਵਲੋਂ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਪਰਾਲੀ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ 'ਵਾਤਾਵਰਨ ਦਾ ਰਖਵਾਲਾ' ਪ੍ਰਸੰਸਾ ਪੱਤਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਕਤ ਪਿੰਡਾਂ ਦੇ ਕਿਸਾਨ ਵੱਡੀ ਪੱਧਰ 'ਤੇ ਹਾਜ਼ਰ ਸਨ |