ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਕਮੇਟੀ ਤੇ ਧਰਮਕੋਟ ਬਲਾਕ ਦੀ ਸਾਂਝੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਹਾਜ਼ਰ ਹੋਏ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਸ਼ੇਸ਼ ਤੇ ਮਹੱਤਵਪੂਰਨ ਮਸਲਿਆਂ 'ਤੇ ਕੀਤੀ ਗਈ ਹੈ ਜਿਸ ਵਿਚ ਵਿਚਾਰਿਆ ਗਿਆ ਕਿ ਕੌਮੀ ਇਨਸਾਫ਼ ਮੋਰਚਾ ਵਲੋਂ ਸਜ਼ਾਵਾਂ ਕੱਟ ਚੁੱਕੇ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਤੇ ਹੋਰ ਸਾਰੇ ਕੈਦੀਆਂ ਦੀ ਰਿਹਾਈ ਲਈ ਜੋ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ 14 ਨਵੰਬਰ ਨੂੰ ਦਿੱਲੀ ਵਿਖੇ ਇਨਸਾਫ਼ ਮਾਰਚ ਕੀਤਾ ਜਾਵੇਗਾ, ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਪਰਾਲੀ ਪ੍ਰਬੰਧਨ ਨੂੰ ਲੈ ਕੇ ਤੇ ਮਜਬੂਰਨ ਪਰਾਲੀ ਸਾੜਨ 'ਤੇ ਕਿਸਾਨਾਂ ਉੱਪਰ ਕਾਨੂੰਨੀ ਕਾਰਵਾਈ ਦੀ ਰੋਕ ਲਈ, ਡੀ.ਏ.ਪੀ. ਖਾਦ ਦੀ ਘਾਟ ਲਈ ਤੇ ਨਾਲ ਵਾਧੂ ਸਮਾਨ ਦੇਣ ਦੀ ਰੋਕਥਾਮ ਲਈ, ਝੋਨੇ ਦੇ ਘਟੇ ਝਾੜ ਨੂੰ ਲੈ ਕੇ ਮੁਆਵਜ਼ੇ ਦੇ ਸਬੰਧ ਵਿਚ ਸੰਯੁਕਤ ਮੋਰਚੇ ਵਲੋਂ 4 ਨਵੰਬਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣੇ ਹਨ | ਜ਼ਿਲ੍ਹਾ ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ ਨੇ ਆਖਿਆ ਕਿ ਸੰਘਰਸ਼ ਨੂੰ ਪਿੰਡਾਂ ਵਿਚ ਲਿਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਕੇ ਜਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ | ਧਰਮਕੋਟ ਬਲਾਕ ਦੇ ਬਲਾਕ ਪ੍ਰਧਾਨ ਸਾਰਜ ਸਿੰਘ ਪੰਡੋਰੀ ਨੇ ਕਿਹਾ ਕਿ ਕੋਟ ਈਸੇ ਖਾਂ ਵਿਖੇ ਸਿੱਧ ਮੰਦਰ 'ਤੇ ਉਸ ਦੀ 14 ਏਕੜ ਜ਼ਮੀਨ ਉੱਪਰ ਕੋਟਕਪੂਰਾ ਦੇ ਕਿਸੇ ਮਹੰਤ ਤੇ ਠੇਕੇ 'ਤੇ ਜ਼ਮੀਨ ਵਾਹੁਣ ਵਾਲੇ ਮਾਮਲੇ ਨੂੰ ਲੈ ਕੇ ਕੋਟ ਈਸੇ ਖਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣੇ 'ਤੇ ਧਰਨਾ ਲਗਾਇਆ ਗਿਆ ਸੀ | ਧਰਨੇ ਦੌਰਾਨ ਡੀ.ਐਸ.ਪੀ. ਧਰਮਕੋਟ ਨੇ ਦਸ ਦਿਨ ਦਾ ਸਮਾਂ ਦਿੱਤਾ ਸੀ ਜੋ ਕਿ ਵੀਰਵਾਰ 5 ਨਵੰਬਰ ਨੂੰ ਸਮਾਂ ਪੂਰਾ ਹੋ ਜਾਵੇਗਾ | ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਐਸ.ਐਸ.ਪੀ. ਮੋਗਾ ਨੂੰ ਡੀ.ਐਸ.ਪੀ.ਡੀ. ਜਰੀਏ ਦਰਖ਼ਾਸਤ ਪੱਤਰ ਸੌਂਪਿਆ ਗਿਆ | ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇ ਵਾਲਾ, ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਸਾਰਜ ਸਿੰਘ ਪੰਡੋਰੀ, ਅਜਮੇਰ ਸਿੰਘ ਛੋਟਾਘਰ, ਤੀਰਥਵਿੰਦਰ ਸਿੰਘ ਘੱਲ ਕਲਾਂ, ਅਵਤਾਰ ਸਿੰਘ ਡਾਲਾ, ਧਰਮਕੋਟ ਬਲਾਕ ਸਕੱਤਰ ਹਰਮਨ ਸਿੰਘ ਸ਼ਾਹ, ਮਹੰਤ ਗੋਬਿੰਦ ਪੁਰੀ ਤੇ ਹੋਰ ਕਿਸਾਨ ਆਗੂ ਹਾਜ਼ਰ ਹੋਏ |