ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-'ਆਪ' ਸਰਕਾਰ ਪੰਜਾਬੀਆਂ ਨਾਲ ਰੱਜ ਕੇ ਦਗ਼ਾ ਕਮਾ ਰਹੀ ਹੈ | ਇਸ ਦੇ ਵਿਧਾਇਕ ਦਿੱਲੀ ਦੇ ਆਕਾਵਾਂ ਨੂੰ ਖ਼ੁਸ਼ ਰੱਖਣ ਲਈ ਮੂਕ ਦਰਸ਼ਕ ਬਣ ਕੇ ਹਾਂ ਵਿਚ ਹਾਂ ਮਿਲਾ ਰਹੇ ਹਨ | ਪੰਜਾਬ ਦਾ ਪੈਸਾ ਦਿੱਲੀ ਵਾਲਿਆਂ ਦੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਹੈ | ਰਾਜਵਿੰਦਰ ਸਿੰਘ ਧਰਮਕੋਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ 38 ਪੋਸਟਾਂ ਕੱਢੀਆਂ ਗਈਆਂ ਸਨ, ਜਿਨ੍ਹਾਂ ਦਾ ਲਾਭ ਦੂਜੀਆਂ ਸਟੇਟਾਂ ਨੂੰ ਪਹੁੰਚਾਉਣ ਲਈ ਦਸਵੀਂ ਤੱਕ ਪੰਜਾਬੀ ਵਿਸ਼ੇ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ | ਇਹ ਸਭ ਪੰਜਾਬ ਸਰਕਾਰ ਨੇ ਦਿੱਲੀ ਦੇ ਆਕਾਵਾਂ ਦੇ ਚਹੇਤਿਆਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਕੀਤਾ ਹੈ | ਇਸ ਤੋਂ ਪਹਿਲਾਂ ਪੰਜਾਬ ਵਿਚ ਨੌਕਰੀ ਲਈ ਦਸਵੀਂ ਤੱਕ ਪੰਜਾਬੀ ਦੀ ਪੜ੍ਹਾਈ ਪੜ੍ਹੀ ਹੋਣੀ ਜ਼ਰੂਰੀ ਸੀ | ਇਸ ਸ਼ਰਤ ਨੂੰ ਖ਼ਤਮ ਕਰਕੇ ਪੰਜਾਬੀਆਂ ਦੇ ਹੱਥੋਂ ਰੁਜ਼ਗਾਰ ਖੋਹ ਕੇ ਗ਼ੈਰ ਪੰਜਾਬੀਆਂ ਨੂੰ ਵੱਧ ਤਨਖ਼ਾਹਾਂ ਵਾਲੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਪੰਜਾਬ ਸਰਕਾਰ ਦਾ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਹੈ | ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕਰੇਗਾ |