ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਪਿਛਲੇ ਦਿਨੀਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਅਮਨਦੀਪ ਕੌਰ ਵਲੋਂ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਵਲੋਂ ਖੋਹੇ ਜਾਣ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕਰਨ 'ਤੇ ਅਨਜਾਣੇ ਫ਼ੋਨ ਨੰਬਰ ਤੋਂ ਧਮਕੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਕਰਕੇ ਉਸ 'ਤੇ ਮੁਕੱਦਮਾ ਦਰਜ ਕਰਾਉਣ ਲਈ ਜਮਹੂਰੀ ਅਧਿਕਾਰ ਸਭਾ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਐਸ.ਐਸ.ਪੀ. ਚੰਡੀਗੜ੍ਹ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਹਾਜ਼ਰ ਜਥੇਬੰਦੀਆਂ ਨੇ ਮੀਟਿੰਗ ਵੀ ਕੀਤੀ ਜਿਸ 'ਚ ਤੈਅ ਕੀਤਾ ਗਿਆ ਕਿ ਮੋਦੀ ਹਕੂਮਤ ਦੀਆਂ ਫਾਂਸੀਵਾਦੀ ਨੀਤੀਆਂ, 29 ਕਿਰਤ ਕਾਨੂੰਨਾਂ ਦੀ ਥਾਂ ਲਿਆਂਦੇ ਚਾਰ ਲੇਬਰ ਕੋਡ ਤੇ ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀਆਂ ਮਿਲਣ ਦੇ ਮਸਲੇ 'ਤੇ 12 ਦਸੰਬਰ ਨੂੰ ਮੋਗਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ | ਜਮਹੂਰੀ ਅਧਿਕਾਰ ਸਭਾ ਦੇ ਆਗੂ ਦਰਸ਼ਨ ਸਿੰਘ ਤੂਰ, ਸਰਬਜੀਤ ਸਿੰਘ ਦੌਧਰ ਨੇ ਦੱਸਿਆ ਕਿ ਐਡਵੋਕੇਟ ਅਮਨਦੀਪ ਕੌਰ ਨੂੰ ਅਨਜਾਣੇ ਨੰਬਰ ਤੋਂ ਡਰਾਇਆ ਧਮਕਾਇਆ ਗਿਆ, ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ ਗਈ | ਇੱਥੋਂ ਤੱਕ ਕਿ ਉਸ ਨੂੰ ਦੇਸ਼ ਛੱਡ ਜਾਣ ਦਾ ਫ਼ਰਮਾਨ ਵੀ ਸੁਣਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਧਮਕੀਆਂ ਦੇਣ ਵਾਲਾ ਆਰ.ਐਸ.ਐਸ. ਦਾ ਹਮਾਇਤੀ ਤੇ ਅਖੌਤੀ ਕਾਰਕੁਨ ਪ੍ਰਤੀਤ ਹੁੰਦਾ ਸੀ | ਅਮਨਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲ ਰਹਿਣ, ਸੈਨੇਟ ਚੋਣਾਂ ਲਈ ਸੰਘਰਸ਼ ਦੀ ਹਮਾਇਤ ਕਰਕੇ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕੀਤੀ ਹੈ | ਸਰਕਾਰ ਦੀ ਕਿਸੇ ਨੀਤੀ ਬਾਰੇ ਆਪਣੀ ਰਾਏ ਰੱਖਣੀ, ਆਲੋਚਨਾ ਕਰਨਾ ਤੇ ਵਾਪਸ ਲੈਣ ਦੀ ਮੰਗ ਕਰਨਾ ਵਿਅਕਤੀ ਦਾ ਮੌਲਿਕ ਅਤੇ ਜਮਹੂਰੀ ਅਧਿਕਾਰ ਹੈ | ਉਨ੍ਹਾਂ ਮੰਗ ਕੀਤੀ ਕਿ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਹੋਵੇ, ਉਸ 'ਤੇ ਜ਼ਿੰਮੇਵਾਰ ਨਾਗਰਿਕ ਨੂੰ ਡਰਾਉਣ, ਧਮਕਾਉਣ ਅਤੇ ਇਕ ਔਰਤ ਨਾਲ ਅਭੱਦਰ ਭਾਸ਼ਾ ਦੀ ਵਰਤੋਂ ਕਰਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਨੌਜਵਾਨ ਭਾਰਤ ਸਭਾ ਤੋਂ ਕਰਮਜੀਤ ਮਾਣੂੰਕੇ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਹਰਪ੍ਰੀਤ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲੌਰ ਸਿੰਘ ਘੱਲ ਕਲਾਂ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਤੋਂ ਗੁਰਮੇਲ ਮਾਛੀਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੋਂ ਲਖਵੀਰ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਸੁਖਦੇਵ ਸਿੰਘ, ਮੋਹਨ ਸਿੰਘ, ਜਰਨੈਲ ਸਿੰਘ ਹਾਜ਼ਰ ਸਨ |