ਮੋਗਾ, 24 ਨਵੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ 'ਚ ਆ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸੱਤ੍ਹਾਧਾਰੀ ਸਰਕਾਰ ਵਲੋਂ ਸ਼ਹਿਰ ਦੇ ਪੰਜਾਹ ਵਾਰਡਾਂ 'ਚ ਚੋਣਾਂ ਜਿੱਤਣ ਲਈ ਜੋ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਜਾ ਰਹੀ ਹੈ, ਉਸ ਪ੍ਰਤੀ ਸ਼ਹਿਰ ਵਾਸੀਆਂ ਦਾ ਰੋਸ ਵਧਦਾ ਨਜ਼ਰ ਆ ਰਿਹਾ ਹੈ ਤੇ ਸ਼ਹਿਰ ਵਾਸੀਆਂ ਦਾ ਆਖਣਾ ਹੈ ਕਿ ਕੀਤੀ ਜਾ ਰਹੀ | ਵਾਰਡਬੰਦੀ ਨਾਲ ਹਰ ਮੁਹੱਲਾ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ | ਇਸ ਮਾਮਲੇ ਨੂੰ ਲੈ ਕੇ ਇਸ ਵਾਰਡਬੰਦੀ ਖਿਲਾਫ ਹੁਣ ਸ਼ਹਿਰ ਦੀ ਸਿਵਲ ਸੁਸਾਇਟੀ ਵੀ ਮੈਦਾਨ 'ਚ ਉੱਤਰ ਆਈ ਹੈ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਾਰਡਾਂ ਦਾ ਰਿਕਾਰਡ, ਗਠਿਤ ਕੀਤੀ ਕਮੇਟੀ ਦੇ ਮੈਂਬਰਾਂ ਦੇ ਨਾਂਅ ਤੇ ਵੇਰਵੇ, ਸਬੰਧਿਤ ਹੋਈਆਂ ਮੀਟਿੰਗਾਂ ਸਬੰਧੀ ਜਾਣਕਾਰੀ ਮੰਗੀ ਹੈ ਤੇ ਉਨ੍ਹਾਂ ਨੇ ਇਹ ਪੱਤਰ ਨਗਰ ਨਿਗਮ ਕਮਿਸ਼ਨਰ ਮੋਗਾ ਨੂੰ ਦਿੱਤਾ ਹੈ | ਸਿਵਲ ਸੁਸਾਇਟੀ ਦੇ ਅਜੇ ਸੂਦ ਗੋਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਵਾਰਡਬੰਦੀ ਹਰ ਮੁਹੱਲੇ ਦੇ ਪਤਵੰਤਿਆਂ ਦਾ ਆਪਣਾ ਹੱਕ ਹੁੰਦਾ ਹੈ ਤੇ ਜੇਕਰ ਵਾਰਡਬੰਦੀ ਕਰਵਾਉਣੀ ਹੈ ਤਾਂ ਮੁਹੱਲਾ ਵਾਸੀਆਂ ਦੀ ਸਹਿਮਤੀ ਬੇਹੱਦ ਜ਼ਰੂਰੀ ਹੁੰਦੀ ਹੈ ਪਰ ਸੱਤਾਧਾਰੀ ਸਰਕਾਰ ਅਸੂਲਾਂ ਨੂੰ ਛਿੱਕੇ ਟੰਗ ਕੇ ਵਾਰਡਬੰਦੀ ਕਰਵਾ ਰਹੀ ਹੈ | ਇਸ ਲਈ ਸਿਵਲ ਸੁਸਾਇਟੀ ਮੋਗਾ ਇਸ ਦੇ ਖਿਲਾਫ ਆਵਾਜ਼ ਉਠਾਉਣ ਲਈ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਗਲਤ ਵਾਰਡਬੰਦੀ ਖਿਲਾਫ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨ ਤਾਂ ਕਿ ਲੋੜਾਂ ਮੁਤਾਬਿਕ ਵਾਰਡਬੰਦੀ ਕਰਵਾਈ ਜਾ ਸਕੇ | ਅਜੇ ਸੂਦ ਗੋਰਾ ਨੇ ਕਿਹਾ ਕਿ ਜੇਕਰ ਵਾਰਡਬੰਦੀ ਵਿਚ ਪਾਰਦਰਸ਼ਤਾ ਨਾ ਲਿਆਂਦੀ ਗਈ ਤਾਂ ਸ਼ਹਿਰ ਦੇ ਲੋਕ ਸੰਘਰਸ਼ ਕਰਨਗੇ | ਇਸ ਮੌਕੇ ਅਮਰਜੀਤ ਜੱਸਲ, ਵੀ. ਪੀ. ਸੇਠੀ, ਬਲਵਿੰਦਰ ਸਿੰਘ ਰੋਡੇ, ਮਨਜਿੰਦਰ ਸਿੰਘ ਬੇਦੀ, ਮਹਿੰਦਰਪਾਲ ਲੂੰਬਾ ਆਦਿ ਹਾਜ਼ਰ ਸਨ |