ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਨੌਵੇਂ ਮਹੱਲੇ ਦੇ ਸਲੋਕ ਗਾਇਣ ਕੀਤੇ ਗਏ | ਸਕੂਲ ਦੇ ਬੱਚਿਆਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਸ਼ਬਦ ਗਾਇਣ ਕੀਤਾ ਗਿਆ | ਉਪਰੰਤ ਬੱਚਿਆਂ ਵਲੋਂ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਗਾਇਣ ਕੀਤੀਆਂ ਗਈਆਂ | ਸਕੂਲ ਦੇ ਪਿ੍ੰਸੀਪਲ ਅੰਬਿਕਾ ਦਾਨੀ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਉਨ੍ਹਾਂ ਦੀ ਸ਼ਹਾਦਤ ਸਬੰਧੀ ਬੱਚਿਆਂ ਨੂੰ ਜਾਣੂੰ ਕਰਵਾਇਆ | ਇਸ ਮੌਕੇ ਸਕੂਲ ਦੇ ਚੀਫ਼ ਐਜੂਕੇਸ਼ਨ ਐਡਵਾਈਜ਼ਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹੀਦੀ ਇਕ ਬਹੁਤ ਲਾਸਾਨੀ ਸ਼ਹੀਦੀ ਸੀ | ਇਸ ਮੌਕੇ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ |