ਮੋਗਾ, 18 ਦਸੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਤੇ ਡਾ. ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਸੇਵਾਵਾਂ 'ਚ ਹੋਰ ਸੁਧਾਰ ਨੂੰ ਲੈ ਕੇ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਵਲੋਂ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਹਰ ਰੋਜ਼ ਯਤਨ ਕੀਤੇ ਜਾ ਰਹੇ ਹਨ | ਇਸੇ ਲੜੀ ਦੌਰਾਨ ਹੀ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਵਲੋਂ ਅੱਜ ਸਿਵਲ ਹਸਪਤਾਲ ਮੋਗਾ ਦਾ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਉਨ੍ਹਾਂ ਨੇ ਓ.ਪੀ.ਡੀ., ਐਮਰਜੈਂਸੀ, ਲੇਬਰ ਰੂਮ, ਵਾਰਡਾਂ, ਦਵਾਈਆਂ ਦੀ ਉਪਲਬਧਤਾ, ਸਾਫ਼-ਸਫ਼ਾਈ ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ | ਸਿਵਲ ਸਰਜਨ ਨੇ ਹਸਪਤਾਲ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਿਹਤ ਸੁਵਿਧਾਵਾਂ ਸਮੇਂ ਸਿਰ ਅਤੇ ਗੁਣਵੱਤਾ ਨਾਲ ਮੁਹੱਈਆ ਕਰਵਾਈਆਂ ਜਾਣ | ਡਾ. ਮਹਿੰਦਰਾ ਨੇ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਅਤੇ ਸੁਰੱਖਿਆ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨੇ ਵਧਦੀ ਠੰਢ ਨੂੰ ਧਿਆਨ ਹਿਤ ਰੱਖਦੇ ਹੋਏ ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਲਈ ਹੀਟਰ ਤੇ ਗਰਮ ਕੰਬਲ ਦਾ ਵੀ ਇੰਤਜ਼ਾਮ ਕਰਨ ਲਈ ਕਿਹਾ | ਇਸ ਮੌਕੇ ਡਾ. ਹਰਿੰਦਰ ਸਿੰਘ ਸੂਦ ਐਸ.ਐਮ.ਓ. ਮੋਗਾ, ਡਾ. ਸੰਦੀਪ ਕੁਮਾਰ ਡੀ.ਐਚ.ਓ. ਮੋਗਾ, ਡਾ. ਰਾਜੇਸ਼ ਮਿੱਤਲ ਡੀ.ਐਮ.ਸੀ. ਮੋਗਾ, ਸਿਮਰਨ ਕੌਰ ਸਿਮੀ, ਪੰਕਜ ਦੁਬੇ ਫੈਸਲਿਟੀ ਮੈਨੇਜਰ ਆਦਿ ਹਾਜ਼ਰ ਸਨ |