ਮੋਗਾ, 18 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 'ਚ ਪ੍ਰਸਤਾਵਿਤ ਤਬਦੀਲੀਆਂ ਦੇ ਸਬੰਧ 'ਚ ਇਹ ਗੰਭੀਰ ਚਿੰਤਾ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸਮਾਜ ਸੇਵੀ, ਧਾਰਮਿਕ, ਚੈਰੀਟੇਬਲ ਤੇ ਸਿੱਖਿਆ ਸੰਸਥਾਵਾਂ ਦੀ ਸੁਤੰਤਰਤਾ, ਸੰਵਿਧਾਨਕ ਹੱਕਾਂ ਤੇ ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ 'ਤੇ ਅਣਚਾਹੀ ਦਖ਼ਲ-ਅੰਦਾਜ਼ੀ ਹੋ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਤੇ ਭਾਰਤੀ ਜਾਗਿ੍ਤੀ ਮੰਚ ਮੋਗਾ ਦੇ ਪ੍ਰਧਾਨ ਡਾ. ਦੀਪਕ ਕੋਛੜ ਨੇ ਕਰਦਿਆਂ ਦੱਸਿਆ ਕਿ ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸੁਸਾਇਟੀ ਰਜਿਸਟ੍ਰੇਸ਼ਨ (ਸੰਸ਼ੋਧਨ) ਐਕਟ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਰਾਹੀਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਨੂੰ ਜਾਰੀ ਰੱਖਦਿਆਂ ਕੁਝ ਨਵੀਆਂ ਵਿਧਾਨਿਕ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਐਕਟ ਅਧੀਨ ਪੰਜਾਬ ਰਾਜ 'ਚ ਲੱਖਾਂ ਸਮਾਜਿਕ, ਧਾਰਮਿਕ, ਚੈਰੀਟੇਬਲ, ਸਿੱਖਿਆਤਮਿਕ ਤੇ ਗ਼ੈਰ-ਮੁਨਾਫ਼ਾ ਸੰਸਥਾਵਾਂ ਰਜਿਸਟਰਡ ਹਨ, ਜਿਨ੍ਹਾਂ 'ਚ ਗੁਰਦੁਆਰੇ, ਮੰਦਰ, ਮਸਜਿਦਾਂ, ਚਰਚਾਂ, ਧਰਮਸ਼ਾਲਾਵਾਂ, ਟਰੱਸਟ, ਸਕੂਲ, ਕਾਲਜ, ਹਸਪਤਾਲ, ਬਿਰਧ ਆਸ਼ਰਮ ਤੇ ਹੋਰ ਸਮਾਜਿਕ ਸੰਸਥਾਵਾਂ ਸ਼ਾਮਿਲ ਹਨ | ਇਹ ਸੰਸਥਾਵਾਂ ਮੁੱਖ ਤੌਰ 'ਤੇ ਜਨਤਕ ਦਾਨ, ਸਮਾਜਿਕ ਯੋਗਦਾਨ ਤੇ ਸੇਵਾਵਾਂ ਰਾਹੀਂ ਚੱਲਦੀਆਂ ਹਨ ਤੇ ਬਹੁਤ ਸਾਰੀਆਂ ਸੰਸਥਾਵਾਂ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰਦੀਆਂ | ਅਜਿਹੀ ਸਥਿਤੀ 'ਚ ਇਨ੍ਹਾਂ ਸੰਸਥਾਵਾਂ ਨੂੰ ਸਰਕਾਰੀ ਨਿਯੰਤਰਨ ਜਾਂ ਪ੍ਰਸ਼ਾਸਕੀ ਅਧੀਨਤਾ ਹੇਠ ਲਿਆਉਣਾ, ਭਾਰਤੀ ਸੰਵਿਧਾਨ ਦੇ ਆਰਟੀਕਲ 19(1) (ਚ) (ਸੰਗਠਨ ਦੀ ਆਜ਼ਾਦੀ) ਤੇ ਆਰਟੀਕਲ 26 (ਧਾਰਮਿਕ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ) ਦੇ ਉਲੰਘਣ ਦੇ ਅਧੀਨ ਆ ਸਕਦਾ ਹੈ | ਇਸ ਤੋਂ ਇਲਾਵਾ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਅਧੀਨ ਰਜਿਸਟਰਡ ਸੰਸਥਾਵਾਂ ਨੂੰ ਸੂਚਨਾ ਅਧਿਕਾਰ ਕਾਨੂੰਨ 2005 (ਆਰ.ਟੀ.ਆਈ. ਐਕਟ) ਦੇ ਦਾਇਰੇ 'ਚ ਲਿਆਉਣ ਨਾਲ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ ਵਿਚ ਗ਼ੈਰ-ਲੋੜੀਂਦਾ ਦਖ਼ਲ ਪੈਦਾ ਹੋਣ ਦੀ ਸੰਭਾਵਨਾ ਹੈ | ਆਰ.ਟੀ.ਆਈ. ਐਕਟ ਦਾ ਗ਼ਲਤ ਉਪਯੋਗ ਕਰ ਕੇ ਕੁਝ ਗ਼ੈਰ-ਸਮਾਜਿਕ ਜਾਂ ਰਾਜਨੀਤਕ ਤੱਤ ਇਨ੍ਹਾਂ ਸੰਸਥਾਵਾਂ ਦੀ ਸਾਖ, ਅੰਦਰੂਨੀ ਪ੍ਰਸ਼ਾਸਨ ਤੇ ਸਮਾਜਿਕ ਸੇਵਾਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ |