ਮੋਗਾ, 18 ਦਸੰਬਰ (ਗੁਰਤੇਜ ਸਿੰਘ ਬੱਬੀ)-ਬੀਤੀ 12 ਦਸੰਬਰ ਨੂੰ ਪਿੰਡ ਲੁਹਾਰਾ ਕੋਲ ਐਸ.ਆਰ. ਭੱਠੇ 'ਤੇ ਕੰਮ ਕਰਨ ਵਾਲੀ ਇਕ ਲੜਕੀ ਗੁਲਫਸਾਹ ਪਤਨੀ ਆਰਿਫ਼ ਵਾਸੀ ਕੈਰਨਾ ਉਤਰ ਪ੍ਰਦੇਸ਼ ਹਾਲ ਆਬਾਦ ਐਸ.ਆਰ. ਭੱਠਾ ਦੀ ਖੇਤਾਂ 'ਚੋਂ ਲਾਸ਼ ਮਿਲੀ ਸੀ | ਅੱਜ ਇਸ ਸਬੰਧੀ ਡੀ.ਐਸ.ਪੀ. ਧਰਮਕੋਟ ਜਸਵਰਿੰਦਰ ਸਿੰਘ ਨੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਕਤ ਔਰਤ ਦੇ ਕਾਤਲ ਨੂੰ ਲੱਭਣ ਲਈ ਪੁਲਿਸ ਵਲੋਂ ਫੈਰਾਂਸਿਸਕ ਟੀਮ, ਸੀ.ਆਈ.ਏ. ਸਟਾਫ਼ ਮੋਗਾ ਪੁਲਿਸ ਤੇ ਟੈਕਨੀਕਲ ਸਰਵਿਸਿਜ਼ ਦੀ ਮਦਦ ਨਾਲ ਤੇ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਜਨਕ ਰਾਜ ਦੀ ਅਗਵਾਈ 'ਚ ਕੰਮ ਕਰ ਰਹੀਆਂ ਸਨ ਤੇ ਤਫ਼ਤੀਸ਼ ਦੌਰਾਨ ਇਸ ਮਾਮਲੇ 'ਚ ਦੋਸ਼ੀ ਅਮਰੂਦੀਨ ਪੁੱਤਰ ਰਹਿਮਤ ਵਾਸੀ ਮੁਹੱਲਾ ਸਾਹ ਵਲਾਇਤ ਉਤਰ ਪ੍ਰਦੇਸ਼ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ | ਡੀ.ਐਸ.ਪੀ. ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆਂ ਕਿ ਉਹ ਸ਼ਿਵ ਭੱਠਾ ਚੁੱਘਾ ਖ਼ੁਰਦ ਵਿਖੇ ਰਹਿੰਦਾ ਹੈ ਤੇ ਉਸ ਦੀ ਲੜਕੀ ਐਸ.ਆਰ. ਭੱਠਾ ਲੁਹਾਰਾ ਵਿਖੇ ਵਿਆਹੀ ਹੋਈ ਹੈ, ਜਿਸ ਦੀ ਉਕਤ ਭੱਠੇ 'ਤੇ ਆਮ ਹੀ ਆਉਣੀ ਜਾਣੀ ਸੀ | ਜਿਸ ਦਿਨ ਕਤਲ ਹੋਇਆ ਦੋਸ਼ੀ ਅਮਰੂਦੀਨ ਐਸ.ਆਰ. ਭੱਠੇ 'ਤੇ ਆਪਣੀ ਲੜਕੀ ਨੂੰ ਮਿਲਣ ਆਇਆ ਸੀ | ਉਸੇ ਦਿਨ ਮਿ੍ਤਕ ਲੜਕੀ ਦਾ ਆਪਣੇ ਪਤੀ ਆਰਿਫ਼ ਨਾਲ ਮਾਮੂਲੀ ਝਗੜਾ ਹੋਇਆ ਸੀ ਤੇ ਦੋਸ਼ੀ ਅਮਰੂਦੀਨ ਉਸ ਲੜਕੀ ਦੀ ਕੁੱਲੀ ਕੋਲ ਗਿਆ ਤਾਂ ਉਸ ਨੇ ਆਪਣੇ ਪਤੀ ਨਾਲ ਹੋਏ ਝਗੜੇ ਸਬੰਧੀ ਦੱਸਿਆ ਤਾਂ ਦੋਸ਼ੀ ਅਮਰੂਦੀਨ ਨੇ ਕਿਹਾ ਕਿ ਉਹ ਯੂ.ਪੀ. ਜਾ ਰਿਹਾ ਹੈ ਅਤੇ ਉਹ ਮੇਰੇ ਨਾਲ ਚੱਲ ਪਵੇ ਤੇ ਮੈਂ ਤੈਨੂੰ ਤੇਰੇ ਪਿਤਾ ਕੋਲ ਛੱਡ ਦੇਵਾਂਗਾ ਤਾਂ ਮਿ੍ਤਕ ਲੜਕੀ ਉਸ ਦੇ ਕਹਿਣ 'ਤੇ ਉਸ ਨਾਲ ਚੱਲ ਪਈ ਤਾਂ ਅੱਗੇ ਪਿੰਡ ਲੁਹਾਰਾ ਕੋਲ ਖੇਤਾਂ ਵਿਚ ਜਾਂਦਿਆਂ ਉਸ ਦੀ ਨੀਅਤ ਖਰਾਬ ਹੋ ਗਈ ਤੇ ਉਸ ਨੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਜਿਸ 'ਤੇ ਲੜਕੀ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਲੜਕੀ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਸਰੀਰਕ ਸਬੰਧ ਫਿਰ ਵੀ ਨਾ ਬਣਨ 'ਤੇ ਦੋਸ਼ੀ ਅਮਰੂਦੀਨ ਵਲੋਂ ਲੜਕੀ ਗੁਲਫਸਾਹ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਕੇ ਲਾਸ਼ ਦਬਾ ਦਿੱਤੀ | ਡੀ.ਐਸ.ਪੀ. ਜਸਵਰਿੰਦਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਨੂੰ ਲੈ ਕੇ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਕੋਲੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ | ਇਸ ਮੌਕੇ ਇੰਸਪੈਕਟਰ ਜਨਕ ਰਾਜ ਵੀ ਹਾਜ਼ਰ ਸਨ |