ਮੋਗਾ, 18 ਦਸੰਬਰ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀ.ਕੇ.ਯੂ. ਬਹਿਰਾਮਕੇ, ਬੀ.ਕੇ.ਯੂ. ਏਕਤਾ ਆਜ਼ਾਦ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੇ ਡੀ.ਸੀ. ਦਫ਼ਤਰ ਮੋਗਾ ਅੱਗੇ ਅੱਜ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜੋ ਲਗਾਤਾਰ 2 ਦਿਨ ਚੱਲੇਗਾ | ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਬਲਵੰਤ ਸਿੰਘ ਬਹਿਰਾਮਕੇ, ਬਲਦੇਵ ਸਿੰਘ ਜ਼ੀਰਾ, ਲਖਵੀਰ ਸਿੰਘ ਦੌਧਰ ਨੇ ਐਲਾਨ ਕੀਤਾ ਕਿ ਜੇਕਰ 1 ਦਸੰਬਰ ਨੂੰ ਦਿੱਤੇ ਮੰਗ ਪੱਤਰ ਦੀਆਂ ਮੰਗਾਂ ਪੰਜਾਬ ਤੇ ਕੇਂਦਰ ਸਰਕਾਰ ਨੇ ਨਾ ਮੰਨੀਆਂ ਤਾਂ 20 ਦਸੰਬਰ ਨੂੰ ਪੰਜਾਬ ਭਰ 'ਚ ਇਹ ਮੋਰਚਾ ਰੇਲਾਂ 'ਤੇ ਤਬਦੀਲ ਕਰ ਦਿੱਤੇ ਜਾਣਗੇ | ਜਿਨ੍ਹਾਂ ਚਿਰ ਮਸਲਿਆਂ ਦਾ ਹੱਲ ਨਹੀਂ ਹੁੰਦਾ ਓਨਾ ਚਿਰ ਮੋਰਚੇ ਜਾਰੀ ਰਹਿਣਗੇ | ਰੇਲ ਜਾਮ ਦੀ ਜ਼ਿੰਮੇਵਾਰ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਵੇਗੀ | ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਸ਼ੰਭੂ ਖਨੌਰੀ ਬਾਰਡਰਾਂ 'ਤੇ ਟਰਾਲੀਆਂ ਸਮੇਤ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ, ਬਿਜਲੀ ਸੋਧ ਬਿੱਲ 2025 ਦਾ ਖਰੜਾ ਕੇਂਦਰ ਸਰਕਾਰ ਰੱਦ ਕਰੇ ਤੇ ਪ੍ਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ, ਬੀਜ ਐਕਟ 2025 ਰੱਦ ਕੀਤਾ ਜਾਵੇ | ਇਸ ਮੌਕੇ ਸੁਖਮੰਦਰ ਸਿੰਘ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸ਼ਾਹ ਵਾਲਾ, ਜਗਮੋਹਨ ਸਿੰਘ ਚੂਹੜਚੱਕ, ਤੋਤਾ ਸਿੰਘ, ਜਗੀਰ ਸਿੰਘ ਫ਼ੌਜੀ, ਜਗਰਾਜ ਸਿੰਘ ਆਜ਼ਾਦ, ਬਲਵਿੰਦਰ ਸਿੰਘ ਸ਼ੰਭੂ, ਜਗਦੀਪ ਸਿੰਘ ਵੈਰੋਕੇ, ਲਖਵੀਰ ਸਿੰਘ ਲੱਖਾ ਪੇਂਡੂ ਮਜ਼ਦੂਰ ਯੂਨੀਅਨ ਪ੍ਰਧਾਨ, ਗੁਰਮੇਲ ਸਿੰਘ ਲੋਹਗੜ੍ਹ, ਗੁਰਭੇਜ ਸਿੰਘ ਸਾਹ ਵਾਲਾ ਆਦਿ ਹਾਜ਼ਰ ਸਨ |