ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਹਾਈ ਸਕੂਲ ਅਮੀਂਵਾਲਾ ਵਿਚ ਮੈਗਾ ਪੀ.ਟੀ.ਐਮ. ਤੇ ਸਾਲਾਨਾ ਸਮਾਗਮ ਕਰਵਾਇਆ ਗਿਆ | ਸਾਲਾਨਾ ਸਮਾਗਮ ਤੋਂ ਪਹਿਲਾਂ ਮੈਗਾ ਪੀ.ਟੀ.ਐਮ. ਕਰਵਾਈ ਗਈ, ਜਿਸ ਦੌਰਾਨ ਅਧਿਆਪਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਅਕਾਦਮਿਕ, ਵਿਹਾਰਕ ਤੇ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਨਾਲ ਹੀ ਮਾਪਿਆਂ ਨੂੰ ਅਗਲੇ ਸੈਸ਼ਨ ਲਈ ਦਾਖ਼ਲਿਆਂ ਸਬੰਧੀ ਪ੍ਰੇਰਿਤ ਕੀਤਾ ਗਿਆ | ਉਪਰੰਤ ਮਾਪੇ ਵੱਡੀ ਗਿਣਤੀ 'ਚ ਸਾਲਾਨਾ ਸਮਾਗਮ ਵਿਚ ਸ਼ਾਮਿਲ ਹੋਏ | ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ | ਬੱਚਿਆਂ ਨੇ ਗਿੱਧਾ, ਭੰਗੜਾ, ਲੋਕ ਗੀਤ ਤੇ ਸਿੱਖਿਆਦਾਇਕ ਡਰਾਮਾ ਪੇਸ਼ ਕੀਤਾ, ਜਿਸ ਦੀ ਸਭ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਸਾਲ ਦੌਰਾਨ ਅਕਾਦਮਿਕ, ਖੇਡਾਂ, ਵਿਗਿਆਨ ਮੇਲੇ ਤੇ ਹੋਰ ਵਿਭਾਗੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਆਪਣੇ ਆਪਣੇ ਵਿਸ਼ੇ 'ਚ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਸਕੂਲ ਆਫ਼ ਐਮੀਨੈਂਸ ਕੈਲਾ ਤੇ ਬਲਾਕ ਨੋਡਲ ਅਫ਼ਸਰ ਵਿਨੋਦ ਸ਼ਰਮਾ ਸ਼ਾਮਿਲ ਹੋਏ | ਇਸ ਮੌਕੇ ਐਸ.ਐਮ.ਸੀ. ਚੇਅਰਮੈਨ ਕੰਵਲਜੀਤ ਕੌਰ ਤੇ ਮੈਂਬਰ ਵੀ ਹਾਜ਼ਰ ਸਨ | ਇਸ ਮੌਕੇ ਸਕੂਲ ਮੁਖੀ ਸੰਤੋਖ ਸਿੰਘ ਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਵਿਨੋਦ ਸ਼ਰਮਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ |