ਠੱਠੀ ਭਾਈ, 21 ਦਸੰਬਰ (ਜਗਰੂਪ ਸਿੰਘ ਮਠਾੜੂ)-ਸ਼ਿਵ ਤੇ ਦੁਰਗਾ ਮੰਦਰ ਠੱਠੀ ਭਾਈ ਵਿਖੇ ਮਹਾਂਰਿਸ਼ੀ ਵਾਲਮੀਕਿ ਜੀ ਦੁਆਰਾ ਰਚਿਤ ਪਾਵਨ ਰਮਾਇਣ ਦੀ ਕਥਾ ਦੇ ਭੋਗ ਸ਼ਰਧਾ ਤੇ ਧਾਰਮਿਕ ਉਤਸ਼ਾਹ ਨਾਲ ਸਮਾਪਤ ਹੋ ਗਏ | ਇਸ ਮੌਕੇ ਸਵੇਰੇ ਨਿਰਧਾਰਿਤ ਸਮੇਂ ਅਨੁਸਾਰ ਰਮਾਇਣ ਕਥਾ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਸਮਾਗਮ ਦੌਰਾਨ ਭਗਵਾਨ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦ ਕਿ ਬਲਾਕ ਸੰਮਤੀ ਮੈਂਬਰ ਪ੍ਰੀਤਮ ਸਿੰਘ ਬੋਹੜ ਚੀਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਦੋਹਾਂ ਮਹਿਮਾਨਾਂ ਵਲੋਂ ਧਾਰਮਿਕ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਸਮਾਗਮ ਸਮਾਜ 'ਚ ਆਪਸੀ ਭਾਈਚਾਰੇ, ਸਹਿਯੋਗ ਤੇ ਆਤਮਿਕ ਸ਼ਾਂਤੀ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਭਾਈ ਸੁਖਚੈਨ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਮੰਦਰ ਦੇ ਮੁੱਖ ਸੇਵਾਦਾਰ ਹਰਬੰਸ ਲਾਲ ਸ਼ਰਮਾ ਨੇ ਦੱਸਿਆ ਕਿ ਭੋਗਾਂ ਉਪਰੰਤ ਗੁਰੂ ਕਾ ਲੰਗਰ ਤੇ ਬ੍ਰਹਮ ਭੋਜ ਮਾਹਲ ਪੂੜੇ ਅਤੇ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ | ਉਨ੍ਹਾਂ ਸਮੂਹ ਸੰਗਤਾਂ, ਸੇਵਾਦਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਪਾਵਨ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਮੌਕੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਸੰਮਤੀ ਮੈਂਬਰ ਪ੍ਰੀਤਮ ਸਿੰਘ ਚੀਮਾ ਨੂੰ ਮੰਦਰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਲਛਮਣ ਸਿੰਘ ਸੈਕਟਰੀ ਆਦਿ ਹਾਜ਼ਰ ਰਹੇ |