ਬਾਘਾ ਪੁਰਾਣਾ, 23 ਦਸੰਬਰ (ਟਿੰਕੂ ਕਾਠਪਾਲ)-ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਸੰਸਥਾ ਦੇ ਬਾਨੀ ਪਿ੍ੰਸੀਪਲ ਗੁਰਦੇਵ ਸਿੰਘ, ਪਿ੍ੰਸੀਪਲ ਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਯੋਗ ਤੇ ਸੁਚੱਜੀ ਅਗਵਾਈ 'ਚ ਨਿੱਤ-ਨਵੀਆਂ ਪੁਲਾਂਘਾਂ ਪੁੱਟ ਰਹੀ ਹੈ, ਵਿਖੇ ਅੱਜ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਬਾਨੀ ਪਿ੍ੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਿਨਾਂ ਨੂੰ ਹਰ ਪੰਜਾਬੀ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਦੇ ਮੱਦੇਨਜ਼ਰ ਯਾਦ ਕਰਦੇ ਹੋਏ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜਦਾ ਕਰਦੇ ਹਨ | ਸੰਸਥਾ ਦੇ ਪਿ੍ੰਸੀਪਲ ਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਸ਼ਹੀਦੀ ਹਫ਼ਤੇ (21 ਤੋਂ 28 ਪੋਹ ਤੱਕ) ਸਫ਼ਰ-ਏ-ਸ਼ਹਾਦਤ ਤੋਂ ਹਰ ਚੇਤਨ ਇਨਸਾਨ ਨੂੰ ਜਾਣੰੂ ਹੋਣਾ ਚਾਹੀਦਾ ਹੈ, ਤਾਂ ਕਿ ਆਪਣੇ ਗੁਰੂਆਂ ਦੀ ਗੌਰਵਮਈ ਵਿਰਾਸਤ ਦੀ ਜਾਣਕਾਰੀ ਮਿਲ ਸਕੇ | ਇਸ ਮੌਕੇ ਛੇਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਵਲੋਂ ''ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ'' ਜੈਸਮੀਨ ਕੌਰ ਵਲੋਂ ਧਾਰਮਿਕ ਸ਼ਬਦ ਗਾਇਨ ਕੀਤਾ ਗਿਆ | ਲੜਕੀ ਏਕਮਜੋਤ ਕੌਰ ਨੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ | ਮੈਡਮ ਨੀਲਮ ਸੋਬਤ ਵਲੋਂ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਬਦ ਗਾਇਆ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ, ਮੈਡਮ ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਕੋਆਰਡੀਨੇਟਰ ਪ੍ਰਾਇਮਰੀ ਵਿੰਗ ਮੈਡਮ ਰਿਚਾ ਆਦਿ ਹਾਜਰ ਰਹੇ | ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰਜਿੰਦਰਪਾਲ ਸਿੰਘ ਨੇ ਬਾਖ਼ੂਬੀ ਨਿਭਾਈ |