ਸੰਗਰੂਰ, 1 ਜੂਨ (ਧੀਰਜ ਪਸ਼ੌਰੀਆ)-ਜ਼ਿਲ੍ਹਾ ਮਲੇਰਕੋਟਲਾ ਵਿਚ ਝੋਨੇ ਦੀ ਸਿੱਧੀ ਬਿਜਾਈ ਚੱਲ ਰਹੀ ਹੈ, ਜਦ ਕਿ ਲਵਾਈ 9 ਜੂਨ ਤੋਂ ਸ਼ੁਰੂ ਹੋਣੀ ਹੈ | ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਦੋਨਾਂ ਜ਼ਿਲਿ੍ਹਆਂ ਵਿਚ 2 ਲੱਖ 92 ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਵਿਚ ਝੋਨੇ ਦੀ ਕਾਸ਼ਤ ਹੋਣੀ ਹੈ | ਖੇਤੀਬਾੜੀ ਵਿਕਾਸ ਅਫ਼ਸਰ ਡਾ. ਸਵਿੰਦਰ ਸਿੰਘ ਨੇ ਦੱਸਿਆ ਕਿ ਦੋਨਾਂ ਜ਼ਿਲਿ੍ਹਆਂ ਵਿਚ ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਲਈ 92000 ਮੀਟਰਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ | ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਹੁਣ ਤੱਕ 87000 ਮੀਟਰਕ ਟਨ ਯੂਰੀਆ ਖਾਦ ਪਹੁੰਚ ਚੁੱਕਾ ਹੈ, ਰਹਿੰਦੀ ਯੂਰੀਆ ਖਾਦ ਵੀ ਜਲਦ ਪਹੁੰਚ ਜਾਵੇਗੀ | ਇਹ ਖਾਦ ਪ੍ਰਾਈਵੇਟ ਡੀਲਰਾਂ ਦੇ ਨਾਲ ਨਾਲ ਇਨ੍ਹਾਂ ਜ਼ਿਲਿ੍ਹਆਂ ਵਿਚ ਸਥਾਪਤ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਤੱਕ ਪਹੁੰਚ ਰਹੀ ਹੈ |
ਝੋਨੇ ਦੀ ਫ਼ਸਲ ਲਈ 90 ਕਿੱਲੋ ਪ੍ਰਤੀ ਏਕੜ ਯੂਰੀਆ ਦੀ ਕੀਤੀ ਜਾਂਦੀ ਹੈ ਸਿਫ਼ਾਰਸ਼
ਖੇਤੀਬਾੜੀ ਵਿਕਾਸ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਝੋਨੇ ਦੀ ਇੱਕ ਏਕੜ ਫ਼ਸਲ ਲਈ 90 ਕਿੱਲੋ ਯੂਰੀਆ ਖਾਦ ਦੀ ਸਿਫ਼ਾਰਸ਼ ਕੀਤੀ ਗਈ ਹੈ | ਘੱਟ ਸਮੇਂ ਵਿਚ ਪੱਕਣ ਵਾਲੀਆ ਝੋਨੇ ਦੀਆਂ ਕਿਸਮਾਂ ਲਈ 12-12 ਦਿਨਾਂ ਦੇ ਫ਼ਰਕ ਨਾਲ ਤਿੰਨ ਵਾਰ 30-30 ਕਿੱਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ | ਜ਼ਿਆਦਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਫ਼ਸਲ ਵਿਚ 14-14 ਦਿਨਾਂ ਦੇ ਫ਼ਰਕ ਨਾਲ ਕੁੱਲ 90 ਕਿੱਲੋ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ | ਡਾ. ਭੱਟੀ ਨੇ ਹੋਰ ਦੱਸਿਆ ਕਿ ਜਿਸ ਸਮੇਂ ਯੂਰੀਆ ਖਾਦ ਪਾਉਣੀ ਹੈ, ਖੇਤ ਵਿਚ ਜ਼ਿਆਦਾ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ | ਯੂਰੀਆ ਖਾਦ ਪਾਉਣ ਦੇ ਤਿੰਨ ਦਿਨਾਂ ਬਾਅਦ ਹੀ ਖੇਤ ਵਿਚ ਪਾਣੀ ਛੱਡਣਾ ਚਾਹੀਦਾ ਹੈ | ਅਜਿਹਾ ਕਰ ਕੇ ਹੀ ਖਾਦ ਦਾ ਪੂਰਾ ਫ਼ਾਇਦਾ ਲਿਆ ਜਾ ਸਕਦਾ ਹੈ |
ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਵਿਚ ਸਾਉਣੀ ਦੀਆਂ ਫ਼ਸਲਾਂ ਲਈ ਪਹੁੰਚਿਆ 87000 ਮੀਟਰਕ ਟਨ ਯੂਰੀਆ
ਅਜੀਤ ਡੈਸਕ
02-06-2025